ਅਸ਼ੋਕ ਵਰਮਾ
- ਮਾਮਲਾ ਚੋਰੀਆਂ ਚਕਾਰੀਆਂ ਤੇ ਵਿਗੜੇ ਅਮਨ ਕਾਨੂੰਨ ਦਾ
ਬਠਿੰਡਾ, 26 ਜਨਵਰੀ 2021 - ਬਠਿੰਡਾ ਜਿਲੇ ਦੇ ਭਗਤਾ ਭਾਈ ’ਚ ਅਮਨ ਕਾਨੂੰਨ ਦੀ ਵਿਗੜੀ ਸਥਿਤੀ, ਸ਼ਹਿਰ ’ਚ ਹੋ ਰਹੀਆਂ ਚੋਰੀਆਂ ਅਤੇ ਕਤਲੋਗਾਰਦ ਨੂੰ ਲੈਕੇ ਅੱਜ ਵਪਾਰੀਆਂ ਨੇ ਮੁਕੰਮਲ ਬੰਦ ਰੱਖਿਆ ਅਤੇ ਧਰਨਾ ਲਾਕੇ ਪੁਲਿਸ ਪ੍ਰਸ਼ਾਸ਼ਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ। ਵਪਾਰੀਆਂ ਨੇ ਅੱਜ ਪੁਲਿਸ ਅਫਸਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਸ਼ਹਿਰ ’ਚ ਵਧ ਰਹੀਆਂ ਚੋਰੀਆਂ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਤੇ ਫਿਕਰ ਜਾਹਰ ਕੀਤੇ। ਅੱਜ ਦੇ ਧਰਨੇ ’ਚ ਲੰਘੇ ਸਾਲ ਦੇ ਅੰਤ ਦੌਰਾਨ ਦਿਨ ਦਹਾੜੇ ਗੋਲੀਆਂ ਚਲਾ ਕੇ ਕਤਲ ਕਰ ਦਿੱਤੇ ਗਏ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਮਾਮਲਾ ਵੀ ਗੂੰਜਿਆ। ਧਰਨੇ ਨੂੰ ਦੇਖਦਿਆਂ ਐਸਪੀ ਬਠਿੰਡਾ ਬੀਐਸ ਰੰਧਾਵਾ ਮੌਕੇ ਤੇ ਪੁੱਜੇ ਅਤੇ ਵਪਾਰੀ ਵਰਗ ਨੂੰ ਜਲਦੀ ਹੀ ਮਸਲਾ ਹੱਲ ਕਰਨ ਦਾ ਭਰੋਸਾ ਦਿਵਾਇਆ।
ਅੱਜ ਦੇ ਧਰਨੇ ਨੂੰ ਪਵਨ ਗਰਗ,ਰਿਤੇਸ਼ ਰਿੰਕੂ, ਰਕੇਸ਼ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਅਜੈਬ ਸਿੰਘ ਹਮੀਰਗੜ, ਗਿਆਨੀ ਜਸਬੀਰ ਸਿੰਘ, ਮਾਸਟਰ ਸ਼ੰਮਾ ਸਿੱਧੂ ਭਗਤਾ,ਮਾਸਟਰ ਪਰਗਟ ਸਿੰਘ,ਜਸਵਿੰਦਰ ਸਿੰਘ ਚੀਦਾ ਅਤੇ ਜੱਥੇਬੰਦੀ ਵੱਲੋਂ ਭਰਾਤਰੀ ਹਮਾਇਤ ਲਈ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਖਜੀਤ ਸਿੰਘ ਕੋਠਾ ਗੁਰੂ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਬਠਿੰਡਾ ਪੁਲਿਸ ਨੂੰ ਤਾੜਨਾ ਕੀਤੀ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਅੰਦਰ ਚੋਰੀਆਂ ਰੋਕਣ ਲਈ ਢੁੱਕਵੀਂ ਕਾਰਵਾਈ ਨਾਂ ਕੀਤੀ ਤਾਂ ਉਹ ਮੁੜ ਸੜਕਾਂ ਤੇ ਉੱਤਰਨਗੇ। ਬੁਲਾਰਿਆਂ ਨੇ ਪਿਛਲੇ ਦਿਨਾਂ ਦੌਰਾਨ ਹੋਈਆਂ ਚੋਰੀਆਂ ਦੇ ਦੋਸ਼ੀਆਂ ਨੂੰ ਕਾਬ ਕਰਨ ਅਤੇ ਮੁੱਖ ਥਾਣਾ ਅਫਸਰ ਥਾਣਾ ਦਿਆਲਪੁਰਾ ਭਾਈ ਦੀ ਮਅੱਤਲੀ ਦੀ ਮੰਗ ਰੱਖੀ।
ਧਰਨੇ ਦੌਰਾਨ ਵਪਾਰੀ ਪੁਲਿਸ ਦੇ ਰਵਈਏ ਤੋਂ ਖਫਾ ਦਿਖੇ ਜਿਹਨਾਂ ਆਖਿਆ ਕਿ ਹੁਣ ਦੁਕਾਨਦਾਰਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ ਕਿਉਂਕਿ ਸ਼ਹਿਰ ’ਚ ਚੋਰੀਆਂ ਚਕਾਰੀਆਂ ਦਿਨ ਬਦਿਨ ਵਧ ਰਹੀਆਂ ਹਨ ਜਦੋਂਕਿ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਹੈ। ਬੁਲਾਰਿਆਂ ਨੇ ਆਖਿਆ ਕਿ ਸ਼ਹਿਰ ’ਚ ਨਾਂ ਘਰ ਸੁਰੱਖਿਅਤ ਹਨ ਤੇ ਨਾਂ ਹੀ ਦੁਕਾਨਾਂ। ਉਹਨਾਂ ਸ਼ਹਿਰ ’ਚ ਵਿਗੜੇ ਹਾਲਾਤਾਂ ਨੂੰ ਪੁਲਿਸ ਦੀ ਨਲਾਇਕੀ ਦੱਸਿਆ। ਉਹਨਾਂ ਆਖਿਆ ਕਿ ਆਮ ਨਾਗਰਿਕਾਂ ਦੀ ਸੁਰੱਖਿਆ ਰੱਬ ਭਰੋਸੇ ਹੈ। ਉਹਨਾਂ ਆਖਿਆ ਕਿ ਅੱਜ ਸ਼ਹਿਰ ਦੀ ਹਾਲਤ ਐਨੀ ਜਿਆਦਾ ਮਾੜੀ ਹੋ ਗਈ ਹੈ ਕਿ ਔਰਤਾਂ ਤਾਂ ਇੱਕ ਪਾਸੇ ਆਮ ਆਦਮੀ ਵੀ ਦਿਨ ’ਚ ਸੜਕਾਂ ਤੇ ਤੁਰਨ ਤੋਂ ਡਰਨ ਲੱਗਿਆ ਹੈ।
ਉਹਨਾਂ ਆਖਿਆ ਕਿ ਸ਼ਾਮ ਨੂੰ ਦੁਕਾਨਾਂ ਬੰਦ ਕਰਕੇ ਘਰ ਜਾਣ ਵਾਲੇ ਦੁਕਾਨਦਾਰ ਫਿਕਰਮੰਦ ਰਹਿੰਦੇ ਹਨ ਕਿ ਸਵੇਰੇ ਦੁਕਾਨ ਸਹੀ ਸਲਾਮਤ ਹੋਵੇਗੀ ਜਾਂ ਚੋਰ ਲੁੱਟ ਕੇ ਲੇ ਗਏ ਹੋਣਗੇ। ਵਪਾਰੀ ਬੁਲਾਰਿਆਂ ਨੇ ਸ਼ਹਿਰ ਵਾਸੀਆਂ ਸਲਾਹ ਦਿੱਤੀ ਕਿ ਹੁਣ ਤਾਂ ਉਹਨਾਂ ਨੂੰ ਆਪ ਹੀ ਨਿੱਤਰਨਾ ਪੈਣਾ ਹੈ। ਦੱਸਣਯੋਗ ਹੈ ਕਿ ਤਿੰਨ ਕੁ ਮਹੀਨੇ ਪਹਿਲਾਂ ਭਗਤਾ ਭਾਈ ’ਚ ਸ਼ਾਮ ਵਕਤ ਆਪਣੀ ਦੁਕਾਨ ਤੇ ਬੈਠੇ ਡੇਰਾ ਪ੍ਰੇਮੀ ਮਨੋਹਰ ਲਾਲ ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਲਾਅ ਐਂਡ ਆਰਡਰ ’ਚ ਵਿਗਾੜ ਆ ਗਿਆ ਅਤੇ ਫਿਰੌਤੀਆਂ ਮੰਗਣ ਦੇ ਮਾਮਲੇ ਸਾਹਮਣੇ ਆ ਗਏ। ਭਾਵੇਂ ਪੁਲਿਸ ਨੇ ਇਸ ਸਬੰਧ ’ਚ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਪਰ ਮਸਲਾ ਹੱਲ ਨਹੀਂ ਹੋਇਆ।
ਅੱਜ ਵੀ ਸ਼ਹਿਰ ਦੇ ਇੱਕ ਵਪਾਰੀ ਕੋਲੋਂ ਫਰੌਤੀ ਮੰਗਣ ਦਾ ਮਾਮਲਾ ਐਸਪੀ ਬਠਿੰਡਾ ਕੋਲ ਉੱਠਿਆ। ਇਸ ਦੌਰਾਨ ਭਗਤਾ ਭਾਈ ’ਚ ਦੁਕਾਨਾਂ ਤੇ ਚੋਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੋ ਦਿਨ ਪਹਿਲਾਂ ਕਰਿਆਨੇ ਦੇ ਦੁਕਾਨਦਾਰ ਦੀ ਸਵੇਰ ਵਕਤ ਕਰੀਬ ਛੇ ਵਜੇ ਦੁਕਾਨ ਦਾ ਸ਼ਟਰ ਤੋੜਕੇ ਸਮਾਨ ਚੋਰੀ ਕਰ ਲਿਆ। ਅਜਿਹੇ ਮਹੌਲ ਤੋਂ ਅੱਕੇ ਦੁਕਾਨਦਾਰਾਂ ਨੇ ਅੱਜ ਸੁਭਾ ਚੌਂਕ ’ਚ ਧਰਨਾ ਲਾ ਦਿੱਤਾ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਸਥਿਤੀ ਨੂੰ ਦੇਖਦਿਆਂ ਐਸ ਪੀ ਬਠਿੰਡਾ ਮੌਕੇ ਤੇ ਪੁੱਜੇ ਅਤੇ ਤਿਨ ਚਾਰ ਦਿਨਾਂ ’ਚ ਨਤੀਜੇ ਦਿਖਾਉਣ ਦੇ ਵਾਅਦੇ ਨਾਲ ਧਰਨਾ ਖਤਮ ਕਰਵਾਇਆ। ਵਪਾਰੀਆਂ ਨੇ ਐਸਪੀ ਨੂੰ ਅਗਲੇ ਸੋਮਵਾਰ ਤੱਕ ਸੱਤ ਦਿਨਾਂ ਦਾ ਸਮਾਂ ਦਿੰਦਿਆਂ ਅਲਟੀਮੇਟਮ ਦਿੱਤਾ ਕਿ ਜੇਕਰ ਪੁਲਿਸ ਆਪਣਾ ਵਾਅਦਾ ਪੂਰਾ ਨਾਂ ਕਰ ਸਕੀ ਤਾਂ ਮੰਗਲਵਾਰ ਨੂੰ ਵਪਾਰੀ ਇੱਕ ਵਾਰ ਫਿਰ ਸੜਕਾਂ ਤੇ ਉੱਤਰਨਗੇ ਅਤੇ ਪੁਲਿਸ ਖਿਲਾਫ ਧਰਨੇ ਮੁਜਾਹਰੇ ਕੀਤੇ ਜਾਂਣਗੇ।