ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 27 ਜਨਵਰੀ 2021 - ਕੈਲੀਫੋਰਨੀਆ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਕੋਰੋਨਾਂ ਵਾਇਰਸ ਦੇ ਹਾਲਾਤ ਸੁਧਰਨ ਦੇ ਮੱਦੇਨਜ਼ਰ ਰਾਜ ਨੇ ਸੋਮਵਾਰ ਨੂੰ ਖੇਤਰੀ "ਸਟੇਅ ਐਟ ਹੋਮ" ਆਦੇਸ਼ਾਂ ਨੂੰ ਵਾਪਸ ਲੈ ਲਿਆ ਹੈ। ਰਾਜ ਵਿੱਚ ਇਹਨਾਂ ਪਾਬੰਦੀਆਂ ਦੇ ਹਟਣ ਨਾਲ ਰੈਸਟੋਰੈਂਟ, ਧਾਰਮਿਕ ਸੇਵਾਵਾਂ ਅਤੇ ਹੋਰ ਕੰਮਾਂ ਲਈ ਵਾਪਸ ਖੁੱਲਣ ਦਾ ਰਸਤਾ ਸਾਫ ਹੋ ਗਿਆ ਹੈ।
ਇਹਨਾਂ ਨਿਯਮਾਂ ਸੰਬੰਧੀ ਰਾਜਪਾਲ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਰਾਜ ਵਿੱਚ ਹਸਪਤਾਲਾਂ 'ਚ ਮਰੀਜਾਂ ਦੇ ਦਾਖਲੇ ਦੀ ਦਰ 20% ਦੇ ਕਰੀਬ ਘਟੀ ਹੈ ਅਤੇ ਸਕਾਰਾਤਮਕ ਦਰਾਂ ਵਿੱਚ ਗਿਰਾਵਟ ਦੇ ਨਾਲ ਹਸਪਤਾਲਾਂ ਅਤੇ ਆਈ.ਸੀ.ਯੂ ਦਾਖਲਿਆਂ ਵਿੱਚ ਹੋਰ ਗਿਰਾਵਟ ਹੋਣ ਦੀ ਉਮੀਦ ਹੈ। ਇਸ ਲਈ ਰਾਜਪਾਲ ਅਨੁਸਾਰ ਬਦਲ ਰਹੀ ਸਥਿਤੀ ਦੇ ਕਾਰਨ ਰਾਜ ਵਿੱਚ ਘਰ ਰਹਿਣ ਦੇ ਆਦੇਸ਼ਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਨਵੇਂ ਹੁਕਮ ਸਾਨ ਫ੍ਰਾਂਸਿਸਕੋ ਬੇ ਏਰੀਆ, ਸੈਨ ਜੋਆਕੁਇਨ ਵੈਲੀ ਅਤੇ ਦੱਖਣੀ ਕੈਲੀਫੋਰਨੀਆਂ ਦੀਆਂ ਬਹੁਗਿਣਤੀਆਂ ਕਾਉਂਟੀਆਂ ਵਿੱਚ ਲਾਗੂ ਕੀਤਾ ਗਿਆ ਹੈ। ਇਸ ਤਬਦੀਲੀ ਨਾਲ ਰੈਸਟੋਰੈਂਟਾਂ ਵਰਗੇ ਕਾਰੋਬਾਰਾਂ ਨੂੰ ਬਹੁਤ ਸਾਰੇ ਖੇਤਰਾਂ ਵਿੱਚ ਮੁੜ ਸ਼ੁਰੂ ਕਰਨ ਦੀ ਆਗਿਆ ਮਿਲੇਗੀ, ਹਾਲਾਂਕਿ ਸਥਾਨਕ ਅਧਿਕਾਰੀ ਨਿਯਮਾਂ ਨੂੰ ਸਖਤ ਰੱਖ ਸਕਦੇ ਹਨ।
ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਦਸੰਬਰ ਵਿੱਚ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਣ ਅਤੇ ਹਸਪਤਾਲਾਂ ਵਿੱਚ ਆਈ.ਸੀ.ਯੂ ਦੀ ਸਮਰੱਥਾ 15 ਪ੍ਰਤੀਸ਼ਤ ਤੋਂ ਘੱਟ ਹੋਣ ਕਾਰਨ ਸਟੇਅ-ਐਟ-ਹੋਮ ਆਰਡਰ ਲਾਗੂ ਕੀਤੇ ਸਨ। ਜਿਸ ਕਰਕੇ ਖੇਤਰ ਨੂੰ ਜ਼ਿਆਦਾਤਰ ਕਾਰੋਬਾਰ ਬੰਦ ਕਰਨੇ ਪਏ ਸਨ। ਇਸਦੇ ਇਲਾਵਾ ਵਾਇਰਸ ਦੀ ਲਾਗ ਦੇ ਮਾਮਲੇ ਵਿੱਚ ਰਾਜ ਦੀ ਜਨਤਕ ਸਿਹਤ ਵੈਬਸਾਈਟ ਦੇ ਅਨੁਸਾਰ, ਪਿਛਲੇ ਹਫਤੇ ਦੇ ਅਖੀਰ ਤੱਕ, ਕੈਲੀਫੋਰਨੀਆਂ ਵਿੱਚ ਕੋਵਿਡ -19 ਦੇ 3.1 ਮਿਲੀਅਨ ਤੋਂ ਜ਼ਿਆਦਾ ਮਾਮਲੇ ਅਤੇ ਤਕਰੀਬਨ 36,790 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।