ਅਸ਼ੋਕ ਵਰਮਾ
ਬਠਿੰਡਾ, 27 ਜਨਵਰੀ 2021 - ਇਸ ਨੂੰ ਬਠਿੰਡਾ ਪੁਲਿਸ ਦਾ ਬਾਬਾ ਆਦਮ ਨਿਰਾਲਾ ਹੀ ਆਖਿਆ ਜਾ ਸਕਦਾ ਹੈ ਜਿਸ ਨੇ ਭਗਤਾ ਭਾਈ ’ਚ 26 ਜਨਵਰੀ ਨੂੰ ਧਰਨਾ ਲਾਕੇ ਚੋਰੀਆਂ ਦੇ ਦੋਸ਼ੀ ਫੜਨ ਦੀ ਮੰਗ ਕਰਨ ਵਾਲੇ ਵਪਾਰੀਆਂ ਖਿਲਾਫ ਹੀ ਪੁਲਿਸ ਕੇਸ ਦਰਜ ਕਰ ਦਿੱਤਾ ਹੈ। ਪੁਲਿਸ ਦੀ ਇਸ ਕਾਰਵਾਈ ਖਿਲਾਫ ਅੱਜ ਦੂਸਰੇ ਦਿਨ ਵੀ ਸ਼ਹਿਰ ਨੂੰ ਬੰਦ ਰੱਖਕੇ ਵਪਾਰੀਆਂ,ਸਿਆਸੀ ਅਤੇ ਸਮਾਜਿਕ ਆਗੂਆਂ ਨੇ ਧਰਨਾ ਦਿੱਤਾ ਅਤੇ ਝੂਠਾ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਭਗਤਾ ਭਾਈ ਵਾਸੀਆਂ ਅਤੇ ਵਪਾਰੀਆਂ ਨੇ ਪੁਲਿਸ ਨੂੰ ਅਲਟੀਮੇਟਮ ਦਿੱਤਾ ਕਿ ਜਦੋਂ ਤੱਕ ਮੁਕੱਦਮਾ ਖਾਰਜ ਨਹੀਂ ਹੁੰਦਾ ਬਜਾਰ ਬੰਦ ਰੱਖ ਕੇ ਰੋਜਾਨਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਲਾਇਆ ਜਾਏਗਾ। ਅੱਜ ਦੂਸਰੇ ਦਿਨ ਵੀ ਲੋਕਾਂ ਦਾ ਵਤੀਰਾ ਪੁਲਿਸ ਪ੍ਰਤੀ ਸਖਤ ਰਿਹਾ ਅਤੇ ਸਟੇਜ ਤੋਂ ਪੁਲਿਸ ਖਿਲਾਫ ਤਿੱਖੇ ਨਿਸ਼ਾਨੇ ਲਾਏ।
ਥਾਣਾ ਦਿਆਲਪੁਰਾ ਭਾਈ ਪੁਲਿਸ ਨੇ ਸਹਾਇਕ ਥਾਣੇਦਾਰ ਕਸ਼ਮੀਰਾ ਸਿੰਘ ਦੀ ਸੂਚਨਾ ਦੇ ਅਧਾਰ ਤੇ ਪਵਨ ਕੁਮਾਰ , ਸਵਰਨਜੀਤਸਿੰਘ ਤੇ ਕਰਨਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀਅਨ ਭਗਤਾ ਭਾਈ, ਕੇਸ਼ਵ ਗੋਇਲ , ਜਸਵੀਰ ਸਿੰਘ ਵਾਸੀ ਹਮੀਰਗੜ. ਬਲਵੀਰ ਚੰਦ ਵਾਸੀ ਸੁਖਾਨੰਦ ਅਤੇ 25-30 ਅਣਪਛਾਤੇ ਵਿਅਕਤੀਆਂ ਨੂੰ ਧਾਰਾ 188,283 ਤਹਿਤ ਨਾਮਜਦ ਕੀਤਾ ਹੈ।ਥਾਣਾ ਦਿਆਲ ਪੁਰਾ ਭਾਈ ’ਚ ਦਰਜ ਐਫਆਈਆਰ ਨੰਬਰ06 ਅਨੁਸਾਰ ਮੁਖਬਰੀ ਤੇ ਦਰਜ ਹੋਏ ਮੁਕੱਦਮੇ ’ਚ ਦੱਸਿਆ ਹੈ ਕਿ ਇਹਨਾਂ ਲੋਕਾਂ ਲੋਕ 26 ਜਨਵਰੀ ਵਾਲੇ ਦਿਨ ਭਗਤਾ ਭਾਈ ਦੇ ਮੇਨ ਚੌਂਕ ’ਚ ਧਰਨਾ ਲਾਕੇ ਲਾਊਡ ਸਪੀਕਰ ’ਚ ਸਰਕਾਰ ਖਿਲਾਫ ਬੋਲਿਆ ਅਤੇ ਸੜਕ ਜਾਮ ਕੀਤੀ ਜਿਸ ਨਾਲ ਆਮ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ। ਐਫਆਈਆਰ ਮੁਤਾਬਕ ਕੋਈ ਗਿ੍ਰਫਤਾਰੀ ਨਹੀਂ ਕੀਤੀ ਹੈ।
ਓਧਰ ਅੱਜ ਦੇ ਧਰਨੇ ਦੌਰਾਨ ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਦੇ ਪੋਤੜੇ ਫਰੋੋਲ ਦਿੱਤੇ। ਸ਼ਹਿਰ ਦੇ ਇੱਕ ਵਿਅਕਤੀ ਨੇ ਜਬਰਜਨਾਂਹ ਦੇ ਕੇਸ ’ਚ ਪੁਲਿਸ ਵੱਲੋਂ ਕੀਤੀ ਕਥਿਤ ਚੱਕ ਥੱਲ ਦਾ ਮਾਮਲਾ ਵੀ ਸਾਹਮਣੇ ਲਿਆਂਦਾ। ਆਗੂਆਂ ਨੇ ਪੁਲਿਸ ਵੱਲੋਂ ਕੀਤੀਆਂ ਵਧੀਕੀਆਂ ਬਾਰੇ ਖੁਲਾਸਾ ਕਰਦਿਆਂ ਆਮ ਲੋਕਾਂ ਦੇ ਦੁੱਖੜੇ ਰੋਏ। ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਧਰਨੇ ਦੌਰਾਨ ਭਰੋਸਾ ਦਿਵਾਇਆ ਕਿ ਇੱਥੇ ਦੋ ਸਿਆਸੀ ਪਾਰਟੀਆਂ ਦੇ ਆਗੂ ਬੈਠੇ ਹਨ ਜੋ ਕਿਸੇ ਦਾ ਵਾਲ ਵਿੰਗਾ ਨਹੀਂ ਹੋਣ ਦੇਣਗੇ ਅਤੇ ਮਸਲਾ ਸਿਰੇ ਤੱਕ ਲਿਜਾਇਆ ਜਾਏਗਾ। ਇਸ ਮੌਕੇ ਮਲੂਕਾ ਨੇ ਇੱਕ ਵੱਡੇ ਕਾਂਗਰਸੀ ਆਗੂ ਨੂੰ ਨਿਸ਼ਾਨਾ ਬਣਾਉਂਦਿਆਂ ਕਥਿਤ ਭਿ੍ਰਸ਼ਟਾਚਾਰ ਦਾ ਮਾਮਲਾ ਉਜਾਗਰ ਕੀਤਾ।
’ਆਪ’ ਨੇਤਾ ਜਤਿੰਦਰ ਭੱਲਾ ਨੇ ਸੰਬੋਧਨ ਕਰਦਿਆਂ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਾਤਲਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ। ਧਰਨੇ ਨੂੰ ਵਪਾਰੀ ਆਗੂ ਪਵਨ ਗਰਗ ਨਗਰ ਪੰਚਾਇਤ ਭਗਤਾ ਭਾਈ ਦੇ ਸਾਬਕਾ ਪ੍ਰਧਾਨ ਅਕਾਲੀ ਲੀਡਰ ਰਕੇਸ਼ ਕੁਮਾਰ ਗੋਇਲ , ਸਾਬਕਾ ਪੰਚ ਚੰਦਰ ਭਾਨ ਅਤੇ ਰਕੇਸ਼ ਕੁਮਾਰ ਰਿੰਕਾ ਆਦਿ ਨੇ ਸੰਬੋਧਨ ਕੀਤਾ ਜਦੋਂਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਛੱਤਰ ਸਿੰਘ ਸਿੱਧੂ ਭਗਤਾ ਭਾਈ ਸਮੇਤ ਹੋਰ ਵੀ ਆਗੂ ਹਾਜਰ ਸਨ। ਦੱਸਣਯੋਗ ਹੈ ਕਿ ਭਗਤਾ ਭਾਈ ਕਸਬੇ ’ਚ ਪਿਛਲੇ ਕੁੱਝ ਸਮੇ ਦੌਰਾਨ ਹੋ ਰਹੀਆਂ ਚੋਰੀਆਂ ਆਦਿ ਕਾਰਨ 26 ਜਨਵਰੀ ਨੂੰ ਦੁਕਾਨਾਂ ਬੰਦ ਕਰਕੇ ਧਰਨਾ ਦਿੱਤਾ ਸੀ। ਮੌਕੇ ਤੇ ਪੁੱਜੇ ਐਸਪੀ ਡੀ ਨੇ ਦੁਕਾਨਦਾਰਾਂ ਨੂੰ 4 ਦਿਨਾਂ ’ਚ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਦਾ ਭਰੋਸਾ ਦਿਵਾਇਆ ਸੀ।
ਇਸ ਮੌਕੇ ਜਨਤਕ ਅਤੇ ਵਪਾਰੀ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਪੁਲਿਸ ਨੇ ਆਪਣਾ ਵਾਅਦਾ ਨਾਂ ਪੁਗਾਇਆ ਤਾਂ ਉਹ ਅਗਲੇ ਮੰਗਲਵਾਰ ਨੂੰ ਪੁਲਿਸ ਖਿਲਾਫ ਧਰਨਾ ਲਾਉਣਗੇ। ਅੱਜ ਜਦੋਂ ਸਵੇਰ ਵਕਤ ਦਿਆਲਪੁਰਾ ਪੁਲਿਸ ਵੱਲੋਂ ਕੇਸ ਦਰਜ ਕਰਨ ਬਾਰੇ ਪਤਾ ਲੱਗਾ ਤਾਂ ਵਪਾਰੀ ਭੜਕ ਗਏ ਅਤੇ ਵਪਾਰ ਮੰਡਲ ਦੀ ਹੰਗਾਮੀ ਮੀਟੰਗ ਸੱਦ ਲਈ । ਮੀਟਿੰਗ ਦੌਰਾਨ ਵਪਾਰੀਆਂ ਨੇ ਪੁਲਿਸ ਦੀ ਭੁਮਿਕਾ ਤੇ ਉਂਗਲ ਉਠਾਉਂਦਿਆਂ ਸ਼ਹਿਰ ਬੰਦ ਕਰਕੇ ਚੌਂਕ ’ਚ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ। ਵਪਾਰੀਆਂ ਨੇ ਆਖਿਆ ਕਿ ਪੁਲਿਸ ਮਸਲਾ ਹੱਲ ਕਰਨ ਦੀ ਥਾਂ ਮੁਕੱਦਮਾ ਦਰਜ ਕਰਕੇ ਲੋਕਾਂ ਦੀ ਜੁਬਾਨ ਬੰਦ ਕਰਨ ਦੇ ਰਾਹ ਪੈ ਗਈ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਪੁਲਿਸ ਕੇਸ ਪਿੱਛੇ ਸਿਆਸੀ ਥਾਪੜੇ ਦੇ ਚਰਚੇ
ਭਗਤਾ ਭਾਈ ਦੇ ਵਪਾਰੀਆਂ ਆਦਿ ਖਿਲਾਫ ਦਰਜ ਪੁਲਿਸ ਕੇਸ ਪਿੱਛੇ ਅੱਜ ਸਿਆਸੀ ਥਾਪੜੇ ਦੀ ਚਰਚਾ ਛਿੜੀ ਰਹੀ। ਧਰਨੇ ਦੌਰਾਨ ਵੀ ਬੁਲਾਰਿਆਂ ਨੇ ਇਸ ਦਿਸ਼ਾ ’ਚ ਨਿਸ਼ਾਨੇ ਲਾਏ। ਐਸ ਪੀ ਡੀ ਬੀ ਐਸ ਰੰਧਾਵਾ ਦਾ ਕਹਿਣਾ ਸੀ ਕਿ ਪੁਲਿਸ ਕੇਸ ਪਿੱਛੇ ਸਿਆਸੀ ਹੱਥ ਦੇ ਤੱਥਾਂ ਨੂੰ ਪੂਰੀ ਤਰਾਂ ਬੇਬੁਨਿਆਦ ਦੱਸਿਆ। ਉਹਨਾਂ ਆਖਿਆ ਕਿ ਧਰਨਾ ਲਾਉਣ ਲਈ ਕੋਈ ਕਾਇਦਾ ਹੁੰਦਾ ਹੈ ਪਰ ਆਮ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨਾ ਸਹੀ ਨਹੀਂ ਹੈ। ਉਹਨਾਂ ਆਖਿਆ ਕਿ ਫਿਰ ਵੀ ਉਹ ਮੁਕੱਦਮੇ ਬਾਰੇ ਡੀਐਸਪੀ ਫੂਲ ਤੋਂ ਜਾਣਕਾਰੀ ਲੈ ਰਹੇ ਹਨ। ਉਹਨਾਂ ਦੱਸਿਆ ਕਿ 26 ਦੇ ਧਰਨੇ ਦੌਰਾਨ ਭਿ੍ਰਸ਼ਟਾਚਾਰ ਸਬੰਧੀ ਉਠਾਏ ਤੱਥਾਂ ਦੀ ਪੜਤਾਲ ਕਰਨਗੇ।