ਰਾਜਵੰਤ ਸਿੰਘ
- ਸਰਹਿੰਦ ਤੇ ਰਾਜਸਥਾਨ ਫੀਡਰ ਨਹਿਰਾਂ ’ਚ ਪਾਣੀ ਦਾ ਵਧਿਆ ਵਹਾਅ ਮੌਕੇ ’ਤੇ ਰੋਕਿਆ ਗਿਆ
- ਵਿਭਾਗ ਵੱਲੋਂ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ
ਸ੍ਰੀ ਮੁਕਤਸਰ ਸਾਹਿਬ, 27 ਜਨਵਰੀ 2021 - ਜ਼ਿਲ੍ਹੇ ਦੇ ਪਿੰਡ ਭੁੱਲਰ ਦੇ ਨਾਲੋਂ ਲੰਘਦੀਆਂ ਰਾਜਸਥਾਨ ਅਤੇ ਸਰਹਿੰਦ ਫੀਡਰ ਬੀਤੀ ਰਾਤ ਪਿੰਡ ਭੁੱਲਰ ਲਈ ਵੱਡੀ ਮੁਸੀਬਤ ਬਣਦੀ ਬਣਦੀ ਬਚੀ। ਜੇਕਰ ਸਹੀਂ ਮੌਕੇ ’ਤੇ ਇੱਕ ਵਿਅਕਤੀ ਇਸ ਸਬੰਧੀ ਪਿੰਡ ਵਾਸੀਆਂ ਅਤੇ ਵਿਭਾਗ ਨੂੰ ਸੂਚਨਾ ਨਾ ਦਿੰਦਾ ਤਾਂ ਖ਼ਤਰਾ ਹੋਰ ਜ਼ਿਆਦਾ ਵੱਧ ਸਕਦਾ ਸੀ। ਸੂਚਨਾ ਤੋਂ ਬਾਅਦ ਵਿਭਾਗ ਨੂੰ ਸੂਚਿਤ ਕਰਨ ’ਤੇ ਅੱਜ ਵਿਭਾਗ ਦੇ ਅਧਿਕਾਰੀਆਂ ਨੇ ਜਿੱਥੇ ਨਹਿਰ ਦੇ ਕਿਨਾਰਿਆਂ ਦੀ ਰਿਪੇਅਰਿੰਗ ਦਾ ਭਰੋਸਾ ਦਿੱਤਾ, ਉੱਥੇ ਹੀ ਅਣਗਹਿਲੀ ਵਰਤਣ ਵਾਲੇ ਮੁਲਾਜਮ ਵਿਰੁੱਧ ਕਾਰਵਾਈ ਕਰਨ ਦਾ ਵੀ ਭਰੋਸਾ ਦਿਵਾਇਆ ਹੈ।
ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ’ਤੇ ਸਥਿਤ ਪਿੰਡ ਭੁੱਲਰ ਦੇ ਕਈ ਵਾਸੀ ਅੱਜ ਵੀ ਡਰ ਦੇ ਮਾਹੌਲ ਵਿਚ ਹਨ। ਕਥਿਤ ਤੌਰ ’ਤੇ ਬੀਤੀ ਰਾਤਪਿੰਡ ਭੁੱਲਰ ਦੇ ਨਾਲ ਵਗਦੀਆਂ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਦੋਵਾਂ ਵਿਚੋਂ ਰਾਜਸਥਾਨ ਫੀਡਰ ਦਾ ਪਾਣੀ ਇੰਨਾ ਚੜ੍ਹ ਗਿਆ ਕਿ ਜੇਕਰ ਸਮੇਂ ਸਿਰ ਗੇਟ ਨਾ ਖੁੱਲ੍ਹਦੇ ਤਾਂ ਕੁਝ ਹੀ ਮਿੰਟਾਂ ਵਿੱਚ ਪਿੰਡ ਵਾਸੀਆਂ ਅਨੁਸਾਰ ਪਿੰਡ ਡੁੱਬ ਜਾਣਾ ਸੀ। ਪਿੰਡ ਵਾਸੀਆਂ ਅਨੁਸਾਰ ਕਥਿਤ ਤੌਰ ’ਤੇ ਪਾਣੀ ਦੀ ਬੰਦੀ ਹੈ। ਜਿਸ ਕਾਰਨ ਪਿੰਡ ਭੁੱਲਰ ਤੋਂ ਅੱਗੇ ਪੁੱਲ ਹੇਠ ਲੱਗੇ ਨਹਿਰ ਦੇ ਗੇਟ ਸੁੱਟੇ ਹੋਏ ਹਨ, ਬੀਤੀ ਰਾਤ ਇਹ ਗੇਟ ਚੁੱਕੇ ਬਿਨ੍ਹਾਂ ਅਤੇ ਗੇਟਾਂ ਤੇ ਬਿਨ੍ਹਾਂ ਕਿਸੇ ਸੂਚਨਾ ਦਿੱਤੇ ਨਹਿਰ ’ਚ ਪਿੱਛੋਂ ਪਾਣੀ ਛੱਡ ਦਿੱਤਾ ਗਿਆ ਅਤੇ ਨਹਿਰ ਬਿਲਕੁਲ ਕਿਨਾਰੇ ਤੱਕ ਚੜ੍ਹ ਗਈ। ਅੱਧੀ ਰਾਤ ਬਾਅਦ ਇੱਥੋਂ ਲੰਘ ਰਹੇ ਇੱਕ ਵਿਅਕਤੀ ਨੇ ਪਿੰਡ ਦੇ ਨਹਿਰ ਕਿਨਾਰੇ ਵਸਦੇ ਘਰਾਂ ਨੂੰ ਸੂਚਿਤ ਕੀਤਾ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਅਨਾਊਸਮੈਂਟ ਕਰਾਈ ਗਈ ਅਤੇ ਕੁੱਝ ਹੀ ਸਮੇਂ ਬਾਅਦ ਪਿੰਡ ਵਾਸੀ ਮੁੱਖ ਰੋਡ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਪੁਲਸ, ਪ੍ਰਸ਼ਾਸ਼ਨ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪ੍ਰਸਾਸ਼ਨ ਹਰਕਤ ’ਚ ਆਇਆ ਤੇ ਨਹਿਰ ਦੇ ਗੇਟ ਖੋਲ੍ਹੇ ਗਏ ਤਾਂ ਪਾਣੀ ਦਾ ਵਹਾਅ ਘੱਟ ਹੋਇਆ।
ਵਿਭਾਗ ਦੇ ਮੌਕੇ ’ਤੇ ਪਹੁੰਚੇ ਅਧਿਕਾਰੀ ਗਗਨਦੀਪ ਸਿੰਘ ਨੇ ਮੰਨਿਆ ਕਿ ਇਹ ਅਣਗਹਿਲੀ ਹੈ ਅਤੇ ਜਿਸ ਵੀ ਮੁਲਾਜਮ ਵੱਲੋਂ ਇਹ ਅਣਗਹਿਲੀ ਹੋਈ ਹੈ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਪਿੰਡ ਵਾਸੀਆਂ ਅਨੁਸਾਰ ਜੇਕਰ ਪਾਣੀ ਸਬੰਧੀ ਪਿੰਡ ਵਾਸੀਆਂ ਨੂੰ ਸਮੇਂ ਸਿਰ ਸੂਚਨਾ ਨਾ ਮਿਲਦੀ ਜਾਂ ਪਿੰਡ ਵਾਸੀ ਵਿਭਾਗ ਨੂੰ ਸੂਚਿਤ ਨਾ ਕਰਦੇ ਤਾਂ ਕੁੱਝ ਹੀ ਮਿੰਟਾਂ ਵਿਚ ਪੂਰਾ ਪਿੰਡ ਡੁੱਬ ਜਾਣਾ ਸੀ। ਉਨ੍ਹਾਂ ਇਸ ਮਾਮਲੇ ’ਚ ਅਣਗਹਿਲੀ ਕਰਨ ਵਾਲੇ ਮੁਲਾਜਮਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਵਰਨਣਯੋਗ ਹੈ ਕਿ ਵਿਭਾਗੀ ਅਧਿਕਾਰੀ ਨੇ ਜਿੱਥੇ ਸਬੰਧਿਤ ਮੁਲਾਜ਼ਮ ਤੇ ਕਾਰਵਾਈ ਦਾ ਭਰੋਸਾ ਦਿਵਾਇਆ ਉਥੇ ਹੀ ਨਹਿਰ ਦੇ ਖੁਰ ਰਹੇ ਕਿਨਾਰਿਆਂ ਨੂੰ ਵੀ ਜਲਦ ਠੀਕ ਕਰਵਾਉਣ ਦਾ ਭਰੋਸਾ ਦਿੱਤਾ।