ਚੰਡੀਗੜ੍ਹ, 27 ਜਨਵਰੀ 2021 - ਡਿਜੀਟਲ ਸਕੂਲ ਬੈਗ ਵੱਜੋਂ ਵਿਦਿਆਰਥੀਆਂ ਵਿੱਚ ਹਰਮਨ ਪਿਆਰੇ ਬਣ ਚੁੱਕੇ 'ਪੰਜਾਬ ਐਜੂਕੇਅਰ ਐਪ' ਨੂੰ ਵਿਕਸਿਤ ਕਰਨ ਵਾਲੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਟੀਮ ਨੂੰ ਜਲੰਧਰ ਵਿੱਖੇ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਸਨਮਾਨਿਤ ਕੀਤਾ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਜਦੋਂ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਿਆ ਨਾਲ ਜੋੜਣ ਲਈ ਇੱਕ ਆਨ-ਲਾਈਨ ਐਪ ਦੀ ਬੇਹੱਦ ਲੋੜ ਸੀ ਉਸ ਸਮੇਂ ਜਲੰਧਰ ਦੇ ਸਰਕਾਰੀ ਸਕੂਲ ਅਧਿਆਪਕ ਦੀਪਕ ਕੁਮਾਰ ਮੈਥ ਮਾਸਟਰ, ਸਹਸ ਨੂਰਪੁਰ, ਜਸਵਿੰਦਰ ਸਿੰਘ ਸਾਇੰਸ ਮਾਸਟਰ ਸਮਿਸ ਰਾਮਪੁਰ, ਹਰਜੀਤ ਕੁਮਾਰ ਸਾਇੰਸ ਮਾਸਟਰ ਸਸਸਸ ਲੜਕੇ ਗੁਰਾਇਆ, ਹਰੀਦਰਸ਼ਨ ਸਿੰਘ ਸਾਇੰਸ ਮਾਸਟਰ ਸਹਸ ਬਸਤੀ ਬਾਵਾ ਖੇਲ, ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ ਇੰਗਲਿਸ਼ ਮਾਸਟਰ ਸਮਾਸਸਸ ਲਾਡੋਵਾਲੀ ਰੋਡ ਜਲੰਧਰ, ਓਮੇਸ਼ਵਰ ਨਰਾਇਣ ਮੈਥ ਮਾਸਟਰ ਸਹਸ ਪਤਾਰਾ ਨੇ ਮਿਲ ਕੇ ਪੰਜਾਬ ਐਜੂਕੇਅਰ ਐਪ ਨੂੰ ਵਿਕਸਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ।
ਜਦੋਂ ਕਿ ਇਹਨਾਂ ਵਿੱਚੋਂ ਕਿਸੇ ਦਾ ਕੋਈ ਤਕਨੀਕੀ ਪਿਛੋਕੜ ਨਹੀਂ ਹੈ। ਸਿੱਖਿਆ ਵਿਭਾਗ ਵੱਲੋਂ ਮਿਲੇ ਉਤਸ਼ਾਹ ਉਪਰੰਤ ਇਹਨਾਂ ਵੱਲੋਂ ਕੀਤੇ ਉਪਰਾਲੇ ਨਾਲ ਵਿਦਿਆਰਥੀਆਂ ਲਈ ਆਨ-ਲਾਈਨ ਸਿੱਖਿਆ ਗ੍ਰਹਿਣ ਕਰਨੀ ਅਤੇ ਅਧਿਆਪਕਾਂ ਲਈ ਵਿਦਿਆਰਥੀਆਂ ਤੱਕ ਈ-ਕੰਟੈਂਟ ਪਹੁੰਚਾਉਣਾ ਸੌਖਾਲਾ ਹੋ ਗਿਆ। ਇਸ ਪੰਜਾਬ ਐਜੂਕੇਅਰ ਐਪ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਪਾਠਕ੍ਰਮ ਦਾ ਅਧਿਐਨ ਕਰਨ ਲਈ ਸਿਲੇਬਸ, ਪੀਡੀਐੱਫ ਦੇ ਰੂਪ ਵਿੱਚ ਈ-ਪੁਸਤਕਾਂ, ਵੀਡੀਓ ਲੈਕਚਰ, ਵਰਕਸ਼ੀਟਾਂ, ਅਸਾਈਨਮੈਂਟਸ, ਕੁਇਜ਼, ਅੱਜ ਦਾ ਸ਼ਬਦ, ਉਡਾਣ ਸ਼ੀਟਾਂ, ਮਾਡਲ ਟੈਸਟ ਪੇਪਰ, ਪੰਜਾਬ ਪ੍ਰਾਪਤੀ ਸਰਵੇਖਣ ਆਦਿ ਦੀ ਉਪਲੱਬਧਤਾ ਇੱਕ ਵਰਦਾਨ ਸਿੱਧ ਹੋਈ ਹੈ। ਕੋਵਿਡ-19 ਕਾਰਨ ਘਟਾਏ ਗਏ ਪਾਠਕ੍ਰਮ ਦੀ ਜਾਣਕਾਰੀ ਵੀ ਇਸ ਐਪ ਤੇ ਉਪਲੱਬਧ ਕਰਵਾਈ ਗਈ ਹੈ। ਮਿਸ਼ਨ ਸ਼ਤਪ੍ਰਤੀ ਸ਼ਤ ਨੂੰ ਸਫਲ ਬਣਾਉਣ ਲਈ ਵੀ ਪੰਜਾਬ ਐਜੂਕੇਅਰ ਐਪ ਦੀ ਉਚੇਚੇ ਤੌਰ 'ਤੇ ਵਰਤੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਸਿੱਖਣ ਸਹਾਇਕ ਸਮੱਗਰੀ ਨੂੰ ਸਮਝਯੋਗ ਬਣਾਉਣ, ਨਵੇਂ ਢੰਗ ਨਾਲ ਆਉਣ ਵਾਲੇ ਪ੍ਰਸ਼ਨ ਪੱਤਰਾਂ ਦੀ ਬਣਤਰ ਦਾ ਮਾਡਲ, ਪ੍ਰਸ਼ਨ ਬੈਂਕ, ਆਦਿ ਨੂੰ ਵੀ ਇਸਤੇ ਅਪਲੋਡ ਕਰਕੇ ਵਿਦਿਆਰਥੀਆਂ ਅਤੇ ਅੀਧਆਪਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਐਜੂਕੇਅਰ ਐਪ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ 11 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਜੋ ਕਿ ਸਿੱਖਿਆ ਪੰਜਾਬ ਅਤੇ ਹੋਰ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਬਣ ਕੇ ਉੱਭਰਿਆ ਹੈ। ਇਸ ਸਬੰਧੀ ਦੀਪਕ ਕੁਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਇਸ ਐਪ ਨੂੰ 21 ਲੱਖ ਵਿਦਿਆਰਥੀਆਂ ਨੇ ਡਾਊਨਲੋਡ ਕੀਤਾ ਹੈ ਅਤੇ 16 ਕਰੋੜ ਵਿਊ ਹੋ ਚੁੱਕੇ ਹਨ। ਇਸਦੀ ਗੂਗਲ ਤੇ ਰੇਟਿੰਗ 4.5 ਹੈ ਜੋ ਕਿ ਇੱਕ ਪ੍ਰਾਪਤੀ ਹੈ। ਇਸਦੀ ਸ਼ਲਾਘਾ ਡਾ.ਗੁਲਸ਼ਨ ਸ਼ਰਮਾ ਸੇਵਾਮੁਕਤ ਮੇਜਰ ਡੀਜੀ - ਇੰਟਰਨੈਸ਼ਨਲ ਚੈਂਬਰ ਆਫ਼ ਸਰਵਿਸਿਜ਼ ਇੰਡਸਟਰੀ ਨੇ ਪਿਛਲੇ ਦਿਨੀ ਯੂ-ਟਿਊਬ 'ਤੇ ਪ੍ਰੇਰਕ ਭਾਸ਼ਣ ਦੌਰਾਨ ਵੀ ਕੀਤੀ ਜਿਸ ਨਵਿੱਚ ਉਹਨਾਂ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਪੰਜਾਬ ਐਜੂਕੇਅਰ ਐਪ ਵਿਕਸਿਤ ਕਰਨ ਵਾਲੀ ਟੀਮ ਦੇ ਅਧਿਆਪਕ ਬਹੁਤ ਜਿਆਦਾ ਵਧਾਈ ਦੇ ਪਤਾਰ ਹਨ। ਉਹਨਾਂ ਇੱਥੋਂ ਤੱਕ ਕਿਹਾ ਕਿ ਇਸ ਟੀਮ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਮਾਨਤਾ ਦੇਣ ਅਤੇ ਸਨਮਾਨਿਤ ਕਰਵਾਉਣ ਲਈ ਅਪੀਲ ਕਰਦੇ ਹਨ ਕਿਉਂਕਿ ਕੋਵਿਡ-19 ਦੀ ਮਹਾਂਮਾਰੀ ਦੇ ਭਿਅੰਕਰ ਸੰਕਟ ਦੌਰਾਨ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਸ ਟੀਮ ਨੇ ਵਿਲੱਖਣ ਕਾਰਜ ਕੀਤਾ।