ਅਸ਼ੋਕ ਵਰਮਾ
ਬਠਿੰਡਾ, 27 ਜਨਵਰੀ 2021 - ਏਮਜ਼ ਬਠਿੰਡਾ ਦੇ ਯੂਰੋਲੋਜੀ ਵਿਭਾਗ ’ਚ ਕਰੀਬ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਿਨਾਂ ਅਪਰੇਸ਼ਨ ਤੋਂ ਗੁਰਦੇ ਦੀ ਪੱਥਰੀ ਕੱਢਣ ਵਾਲੀ ਮਸ਼ੀਨ ਸਥਾਪਿਤ ਕਰ ਦਿੱਤੀ ਹੈ ਜਿਸ ਦਾ ਉਦਘਾਟਨ ਰਾਜ ਸਭਾ ਮੈਂਬਰ ਤੇ ਭਾਜਪਾ ਆਗੂ ਸ਼ਵੇਤ ਮਲਿਕ ਨੇ ਕੀਤਾ। ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਡਾ ਡੀਕੇ ਸਿੰਘ ਦੀ ਅਗਵਾਈ ਹੇਠ ਲਾਈ ਇਹ ਪਹਿਲੀ ਅਜਿਹੀ ਮਸ਼ੀਨ ਹੈ ਜੋ ਬਗੈਰ ਸੁੰਨ ਕੀਤਿਆਂ ਵੀ ਪਥਰੀ ਨੂੰ ਬਾਹਰ ਕੱਢ ਦਿੰਦੀ ਹੈ। ਜਰਮਨ ਦੀ ਬਣੀ ਇਹ ਮਸ਼ੀਨ ਉੱਤਰੀ ਭਾਰਤ ’ਚ ਆਪਣੀ ਕਿਸਮ ਦੀ ਪਹਿਲੀ ਮਸ਼ੀਨ ਹੈ ਜੋ ਦਿੱਲੀ ਅਤੇ ਪੀਜੀਆਈ ’ਚ ਵੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਮਰੀਜਾਂ ਲਈ ਇਹ ਵਰਦਾਨ ਸਾਬਤ ਹੋਵੇਗੀ।
ਏਮਜ਼ ’ਚ ਇਹ ਮਸ਼ੀਨ ਲੱਗਣ ਨਾਲ ਪੰਜਾਬ ਦੇ ਮਾਲਵੇ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਮਰੀਜਾਂ ਨੂੰ ਵੀ ਲਾਭ ਮਿਲ ਸਕੇਗਾ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਇਸ ਮਸ਼ੀਨ ’ਚ ਅਤੀਆਧੁਨਿਕ ਯੰਤਰ ਲੱਗੇ ਹੋਣ ਕਾਰਨ ਮਰੀਜਾਂ ਨੂੰ ਲੰਮਾਂ ਸਮਾਂ ਹਸਪਤਾਲ ’ਚ ਦਾਖਲ ਰਹਿਣ ਤੋਂ ਵੀ ਛੁਟਕਾਰਾ ਮਿਲ ਜਾਏਗਾ। ਉਹਨਾਂ ਦੱਸਿਆ ਕਿ ਕਿਡਨੀ ’ਚ ਪੱਥਰੀ ਦੀ ਸਮੱਸਿਆ ਆਮ ਹੈ ਇਸ ਲਈ ਹੁਣ ਮਰੀਜਾਂ ਨੂੰ ਇਸ ਦਾ ਵੱਡਾ ਲਾਭ ਹੋਵੇਗਾ। ਏਮਜ ਬਠਿੰਡਾ ਦੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਡਾ. ਸਤੀਸ਼ ਗੁਪਤਾ ਨੇ ਦੱਸਿਆ ਕਿ ਹੁਣ ਪੱਥਰੀ ਦੇ ਮਰੀਜਾਂ ਨੂੰ ਡਰਨ ਦੀ ਜਰੂਰਤ ਨਹੀਂ ਕਿਉਂਕਿ ਇਹ ਮਸ਼ੀਨ ਬਗੈਰ ਆਪਰੇਸ਼ਨ ਤੋਂ ਹੀ ਕਿਡਨੀ ਸਟੋਨ ਕੱਢਣ ਦੀ ਸਮਰੱਥਾ ਰੱਖਦੀ ਹੈ।
ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਏਮਜ ਦੇ ਵੱਖ ਵੱਖ ਵਿਭਾਗਾਂ ’ਚ ਮਰੀਜਾਂ ਦੀ ਸਹੂਲਤ ਲਈ ਕਈ ਹੋਰ ਨਵੀਆਂ ਮਸ਼ੀਨਾਂ ਆਉਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਇਹ ਸੁਵਿਧਾ ਪੰਜਾਬ ’ਚ ਪਹਿਲਾਂ ਕਿਤੇ ਵੀ ਨਹੀਂ ਸੀ ਅਤੇ ਮਰੀਜ ਜਾਂ ਤਾਂ ਆਪਰੇਸ਼ਨ ਕਰਵਾਉਂਦੇ ਸਨ ਜਾਂ ਫਿਰ ਏਦਾਂ ਦੇ ਇਲਾਜ ਲਈ ਬਾਹਰ ਜਾਂਦੇ ਸਨ। ਯੂਰੋਲੋਜੀ ਐਂਡ ਕਿਡਨੀ ਟਰਾਂਸਪਲਾਂਟ ਸਰਵਿਸਿਜ਼ ਦੇ ਮੁਖੀ ਡਾ: ਕੰਵਲਜੀਤ ਸਿੰਘ ਕੌੜਾ ਨੇ ਦੱਸਿਆ ਕਿ ਇਹ ਮਸ਼ੀਨ ਕਿਡਨੀ ਦੀ ਪਥਰੀ ਨੂੰ ਛੋਟੇ ਛੋਟੇ ਟੁਕੜਿਆਂ ’ਚ ਵੰਡ ਦਿੰਦੀ ਹੈ ਜੋ ਪੇਸ਼ਾਬ ਰਾਹੀਂ ਬਾਹਰ ਨਿੱਕਲ ਜਾਂਦੇ ਹਨ। ਉਹਨਾਂ ਦੱਸਿਆ ਕਿ ਇਹ ਮਸ਼ੀਨ ਤਾਂ ਬੱਚਿਆਂ ਦੇ ਇਲਾਜ ਲਈ ਵੀ ਮਹੱਤਵਪੂਰਨ ਅਤੇ ਲਾਹੇਵੰਦ ਹੈ।