ਮੋਗਾ, 2 ਜਨਵਰੀ 2021 - ਮਿਤੀ 25 ਜਨਵਰੀ ਨੂੰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੋਗਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ ਮੋਗਾ ਨੂੰ ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ, ਮੀਤ ਪ੍ਰਧਾਨ ਸੁਖਪਾਲਜੀਤ ਸਿੰਘ ਤੇ ਈਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਮਿਲਿਆ। ਕਾਰਜਕਾਰੀ ਸਕੱਤਰ ਗੁਰਮੀਤ ਝੋਰੜਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਡੈਪੂਟੇਸ਼ਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਮੋਗਾ ਰਾਜੀਵ ਛਾਬੜਾ ਨੂੰ ਮਿਲਿਆ। ਕਰਮਚਾਰੀਆਂ ਦੇ ਮੈਡੀਕਲ ਖ਼ਰਚੇ ਦੀ ਪ੍ਰਤੀਪੂਰਤੀ ਦੇ ਪੈਂਡਿੰਗ ਬਿੱਲਾਂ ਨੂੰ ਕਲੀਅਰ ਕਰਵਾਉਣ ਦੀ ਮੰਗ ਰੱਖੀ ਤੇ ਅਧਿਕਾਰੀ ਵੱਲੋਂ ਮੌਕੇ 'ਤੇ ਸੂਚਨਾ ਲੈਣ ਸਬੰਧੀ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਗਿਆ।
ਇਸ ਤੋਂ ਇਲਾਵਾ ਸਕੂਲ ਖੁੱਲ੍ਹਣ ਕਾਰਨ ਆਨਲਾਈਨ ਸਿੱਖਿਆ ਬੰਦ ਕਰਨ, ਛੁੱਟੀ ਵਾਲੇ ਦਿਨ ਅਧਿਆਪਕਾਂ ਦੀਆਂ ਆਨਲਾਈਨ ਮੀਟਿੰਗਾਂ ਨਾ ਕਰਨ ਬਾਰੇ, ਕੰਪਿਊਟਰ ਟੀਚਰਾਂ ਦੀਆਂ ਖਾਲੀ ਅਸਾਮੀਆਂ ਪੁਰ ਕਰਨ, ਅਪਗਰੇਡ ਹੋਏ ਸਕੂਲਾਂ ਨੂੰ ਅਤੇ ਸਰਕਾਰੀ ਮਿਡਲ ਸਕੂਲ ਪੁਰਾਣੇ ਵਾਲਾ ਦੇ ਕੰਪਿਊਟਰ ਚੋਰੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਸਕੂਲ ਨੂੰ ਕੰਪਿਊਟਰ ਦੇਣ, ਸਰਕਾਰੀ ਹਾਈ ਸਕੂਲ ਦੁੱਨੇਕੇ ਵਿਖੇ ਕਲਰਕ ਦੀ ਖਾਲੀ ਆਸਾਮੀ ਭਰਨ, ਪੰਜਾਬੀ ਮਾਸਟਰ ਜਸਪ੍ਰੀਤ ਸਿੰਘ ਦੀ ਭਲੂਰ ਦੇ ਸਰਕਾਰੀ ਸਕੂਲ ਤੋਂ ਡੈਪੂਟੇਸ਼ਨ ਰੱਦ ਕਰਵਾਉਣ ਦੀ ਮੰਗ ਰੱਖੀ ਗਈ। ਜਿਲਾ ਅਧਿਕਾਰੀ ਵੱਲੋਂ ਸਾਰੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਦੂਜਾ ਡੈਪੂਟੇਸ਼ਨ ਡੀਈਓ ਐਲੀ ਮੋਗਾ ਸ਼੍ਰੀਮਤੀ ਜਸਵਿੰਦਰ ਕੌਰ ਨਾਲ ਮਿਲਿਆ। ਇਸ ਵਿੱਚ ਈਟੀਟੀ ਟੀਚਰ ਤੋਂ ਹੈੱਡ ਟੀਚਰ ਦੀਆਂ ਤਰੱਕੀਆਂ ਦੀ ਮੰਗ ਰੱਖੀ ਗਈ ਜਿਸਤੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਰੋਸਟਰ ਵੈਰੀਫਾਈ ਨਹੀਂ ਹੋਇਆ ਅਤੇ ਫਾਈਲ ਭਲਾਈ ਵਿਭਾਗ ਕੋਲ ਹੈ। ਰੈਸਟ ਵੈਰੀਫਾਈ ਹੋਣ ਉਪਰੰਤ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਕਰਨ ਦੀ ਮੰਗ ਰੱਖੀ ਗਈ। ਕੁੱਝ ਕੈਟਾਗਰੀ ਦੇ ਅਧਿਆਪਕਾਂ ਵੱਲੋਂ ਜਥੇਬੰਦੀ ਨੂੰ ਦਰਜ ਕਰਵਾਇਆ ਗਿਆ ਕਿ ਤਰੱਕੀਆਂ ਸਮੇਂ ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ ਗਿਆ। ਜਥੇਬੰਦੀ ਨੇ ਇਸ ਮਸਲੇ ਦੀ ਜੋਰਦਾਰ ਪ੍ਰੋੜਤਾ ਕਰਦੇ ਹੋਏ ਮੰਗ ਕੀਤੀ ਕਿ ਸੰਬੰਧਤ ਅਧਿਆਪਕਾਂ ਨੂੰ ਇਨਸਾਫ ਦਿੱਤਾ ਜਾਵੇ।
ਇਸ ਤੋਂ ਇਲਾਵਾ ਜੀਪੀਐਫ ਸਲਿੱਪਾਂ,ਸਲਾਨਾ ਗੁਪਤ ਰਿਪੋਰਟਾਂ ਜਲਦੀ ਦਿੱਤੇ ਜਾਣ, ਪੈਡਿੰਗ ਮੈਡੀਕਲ ਬਿੱਲਾਂ ਦਾ ਨਿਪਟਾਰਾ ਜਲਦੀ ਕਰਨ, ਛੁੱਟੀ ਵਾਲੇ ਦਿਨ ਅਧਿਆਪਕਾਂ ਦੀਆਂ ਆਨਲਾਈਨ ਮੀਟਿੰਗਾਂ ਨਾ ਕਰਨ, ਪ੍ਰਾਇਮਰੀ ਸਕੂਲਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਵਾਜਬ ਪੱਕਾ ਹੱਲ ਕਰਨ ਦੀ ਮੰਗ ਰੱਖੀ ਗਈ ।ਵਿਦਿਆਰਥੀਆਂ ਦੇ ਖਾਤਿਆਂ ਚ ਜਮਾਂ ਹੋਣ ਵਾਲੀ ਕੁਕਿੰਗ ਕਾਸਟ ਸੰਬੰਧੀ ਪੈਦਾ ਹੋ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਦਫਤਰ ਸੰਬੰਧਤ ਬੈਂਕ ਨਾਲ ਗੱਲ ਕਰਕੇ ਮਸਲਾ ਹੱਲ ਕਰਵਾਏਗਾ। ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਸੰਬੰਧੀ ਬੀਪੀਈਓਜ਼ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦਾ ਜਿਲਾ ਅਧਿਕਾਰੀ ਨੇ ਭਰੋਸਾ ਦਿੱਤਾ।
ਇਸ ਸਮੇਂ ਅਮਨਦੀਪ ਮਾਛੀਕੇ, ਇਕਬਾਲ ਸਿੰਘ ਗਿੱਲ, ਜਗਦੇਵ ਮਹਿਣਾ, ਸੁਰਜੀਤ ਸਮਰਾਟ, ਦੀਪਕ ਮਿੱਤਲ, ਸਰਵਦੀਪ ਘੋਲੀਆ, ਰਾਜਵੰਤ ਘੋਲੀਆ, ਹਰਕੀਰਤ ਮਹਿਣਾ, ਨਵਦੀਪ ਸਿੰਘ , ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਹੋਏ।