- ਹਿੰਸਾ ਦੀਆਂ ਕਾਰਵਾਈਆਂ ਡੂੰਘੀ ਸਾਜ਼ਿਸ਼ : ਬਿਕਰਮ ਸਿੰਘ ਮਜੀਠੀਆ
- ਕਿਹਾ ਕਿ ਸਰਕਾਰੀ ਏਜੰਸੀਆਂ ਕਿਸਾਨ ਅੰਦੋਲਨ ਦਾ ਨੁਕਸਾਨ ਕਰਨ ਲਈ ਰਲੀਆਂ
- ਕਿਹਾ ਕਿ ਮਿਉਂਸਪਲ ਚੋਣਾਂ ਕਾਂਗਰਸ ਸਰਕਾਰ ਅਤੇ ਸਥਾਨਕ ਭਾਜਪਾ ਐਮ ਪੀ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਲੜੀਆਂ ਜਾਣਗੀਆਂ
ਹੁਸ਼ਿਆਰਪੁਰ, 27 ਜਨਵਰੀ 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਗਣਤੰਤਰ ਦਿਵਸ ਦੇ ਮੌਕੇ ’ਤੇ ਦਿੱਲੀ ਵਿਚ ਕਿਸਾਨਾਂ ਦੇ ਭੇਸ ਵਿਚ ਅਖੌਤੀ ਆਗੂਆਂ ਵੱਲੋਂ ਹਿੰਸਾ ਭੜਕਾਉਣ ਦੀ ਕੌਮਾਂਤਰੀ ਜਾਂਚ ਕਰਵਾਈ ਜਾਵੇ ਅਤੇ ਪਾਰਟੀ ਨੇ ਕਿਹਾ ਕਿ ਸਮਾਜ ਵਿਰੋਧੀ ਤੱਤ ਕਿਸਾਨ ਅੰਦੋਲਨ ਨੁੰ ਤਾਰਪੀਡੋ ਕਰਨ ਲਈ ਸਰਕਾਰੀ ਏਜੰਸੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਰਫ ਕੌਮਾਂਤਰੀ ਜਾਂਚ ਹੀ ਉਹਨਾਂ ਗੈਰ ਸਮਾਜਿਕ ਤੱਤਾਂ ਨੂੰ ਬੇਨਕਾਬ ਕਰ ਸਕੇਗੀ ਜਿਹਨਾਂ ਦੇ ਨਾਂ ਨਿਰਪੱਖ ਮੀਡੀਆ ਤੇ ਉਹਨਾਂ ਦੇ ਆਕਾਵਾਂ ਨੇ ਹੀ ਜਨਤਕ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰੀ ਏਜੰਸੀਆਂ ਇਹ ਜਾਂਚ ਨਹੀਂ ਕਰ ਸਕਦੀਆਂ ਕਿਉਂਕਿ ਉਹ ਆਪਸ ਵਿਚ ਰਲ ਗਈਆਂ ਹਨ ਤਾਂ ਜੋ ਕਿਸਾਨ ਅੰਦੋਲਨ ਦਾ ਨੁਕਸਾਨ ਕੀਤਾ ਜਾ ਸਕੇ ਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੁੰ ਨਿਆਂ ਨਾ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੰਦੋਲਨ ਦਾ ਨੁਕਸਾਨ ਕਰਨ ਵਾਲਿਆਂ ਦੇ ਮਨਸੂਬੇ ਉਦੋਂ ਸਾਫ ਹੋ ਗਏ ਸਨ ਜਦੋਂ ਉਹਨਾਂ ਨੇ ਸਿੰਘੂ ਬਾਰਡਰ ’ਤੇ ਸਟੇਜ ’ਤੇ ਕਬਜ਼ਾ ਕਰ ਲਿਆ ਸੀ ਤੇ ਲੋਕਾਂ ਨੂੰ ਹਿੰਸਾ ’ਤੇ ਉਤਰਣ ਲਈ ਭੜਕਾਇਆ ਸੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੁੰ ਇਹਨਾਂ ਤੱਤਾਂ ਖਿਲਾਫ ਫੌਰੀ ਕਾਰਵਾਈ ਕਰਨਾ ਵਾਜਬ ਨਈਂ ਲੱਗਿਆ। ਉਹਨਾਂ ਕਿਹਾ ਕਿ ਸਭ ਤੋਂ ਵੱਡੀ ਹੈਰਾਨੀ ਇਹ ਹੈ ਕਿ ਇਹਨਾਂ ਲੋਕਾਂ ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਣ ਦੀ ਛੋਟ ਦੇ ਦਿੱਤੀ ਗਈ ਜਦਕਿ ਭਾਰੀ ਸੁਰੱਖਿਆ ਪ੍ਰਬੰਧਨਾਂ ਕਾਰਨ ਹੋਰਨਾਂ ਲਈ ਅਜਿਹਾ ਕਰਨਾ ਅਸੰਭਵ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਸਰਕਾਰ ਨੇ ਕੱਲ੍ਹ ਦੇ ਘਟਨਾ¬ਕ੍ਰਮ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਤੇ ਸਪਸ਼ਟ ਕਰ ਦਿੱਤਾ ਕਿ ਹਿੰਸਾ ਦੀਆਂ ਇਹ ਘਟਨਾਵਾਂ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਤਿੰਨ ਖੇਤੀ ਕਾਨੁੰਨ ਰੱਦ ਕਰਨੇ ਯਕੀਨੀ ਬਣਾਉਣ ਲਈ ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਇੰਨ ਬਿੰਨ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਸਾਨਾਂ ਨਾਲ ਰਲ ਕੇ ਲੜਾਈ ਲੜਦਾ ਰਹੇਗਾ। ਉਹਨਾਂ ਕਿਹਾ ਕਿ ਅਸੀਂ ਯਕੀਨੀਬਣਾਵਾਂਗੇ ਕਿ ਕਿਸਾਨ ਸੰਘਰਸ਼ ਵਿਚ ਜਿਹੜੇ 80 ਕਿਸਾਨਾਂ ਦੀ ਜਾਨ ਗਈ, ਉਹ ਸ਼ਹਾਦਤ ਵਿਅਰਥ ਨਾ ਜਾਵੇ।
ਮਿਉਂਸਪਲ ਚੋਣਾਂ ਦੀ ਗੱਲ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਇਹ ਚੋਣਾਂ ਕਾਂਗਰਸ ਸਰਕਾਰ ਅਤੇ ਇਸਦੇ ਮੰਤਰੀਆਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਲੜੀਆਂ ਜਾਣਗੀਆਂ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਲੋਕ ਇਸ ਗੱਲ ਦਾ ਵੀ ਹਿਸਾਬ ਲੈਣਗੇ ਕਿ ਭਾਜਪਾ ਦੇ ਮੰਤਰੀ ਸੋਮ ਪ੍ਰਕਾਸ਼ ਜਿਹਨਾਂ ਕੋਲ ਵਣਜ ਤੇ ਉਦਯੋਗ ਮੰਤਰਾਲਾ ਹੈ, ਨੇ ਹਲਕੇ ਵਿਚ ਕੋਈ ਉਦਯੋਗ ਲਿਆਂਦਾ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਲੋਕ ਇਸ ਗੱਲ ਤੋਂ ਵੀ ਦੁਖੀ ਹਨ ਕਿ ਕਾਂਗਰਸ ਸਰਕਾਰ ਨੇ ਕੋਈ ਨਵੀਂਆਂ ਨੌਕਰੀਆਂ ਨਹੀਂ ਦਿੱਤੀਆਂ ਤੇ ਉਲਟਾ ਬਿਜਲੀ ਦਰਾਂ 9 ਤੋਂ 10 ਰੁਪਏ ਪ੍ਰਤੀ ਯੂਨਿਟ ਕਰ ਦਿੱਤੀਆਂ ਜੋ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਦਰਾਂ ਹਨ।
ਉਹਨਾਂ ਕਿਹਾ ਕਿ ਕਮਜ਼ੋਰ ਵਰਗਾ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਭਾਵੇਂ ਉਹ ਆਟਾ ਦਾਲ ਸਕੀਮ ਹੋਵੇ ਜਾਂ ਫਿਰ ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ। ਉਹਨਾਂ ਕਿਹਾ ਕਿ ਇਸ ਤੋਂ ਉਲਟ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤਾਂ ਪੰਜਾਬ ਵਿਚ ਜਿਥੇ ਸਰਵ ਪੱਖੀ ਵਿਕਾਸ ਹੋਇਆ ਤੇ ਸੜਕਾਂ ਤੇ ਏਅਰ ਕਨੈਕਟੀਵਿਟੀ ਬਣੀ, ਸੂਬੇ ਵਿਚ ਬਿਜਲੀ ਸਰਪਲੱਸ ਹੋਈ, ਸਿੰਜਾਈ ਨੈਟਵਰਕ ਬਣਿਆ ਤੇ ਦਿਹਾਤੀ ਤੇ ਸ਼ਹਿਰੀ ਦੋਵਾਂ ਖੇਤਰਾਂ ਦਾ ਵਿਕਾਸ ਹੋਇਆ। ਇਸ ਤੋਂ ਇਲਾਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਯਕੀਨੀ ਬਣਾਈ ਤੇ ਇਹ ਅੱਜ ਵੀ ਅਕਾਲੀ ਦਲ ਦੀਆਂ ਨੀਤੀਆਂ ਦਾ ਕੇਂਦਰ ਬਿੰਦੂ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਹੁਸ਼ਿਆਰਪੁਰ ਦੇ ਆਬਜ਼ਰਵਰ ਸ਼ਰਨਜੀਤ ਸਿੰਘ ਢਿੱਲੋਂ, ਬੀਬੀ ਮਹਿੰਦਰ ਕੌਰ ਜੋਸ਼, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਹਰਜਿੰਦਰ ਸਿੰਘ ਲਾਲੀ ਬਾਜਵਾ ਵੀ ਮੌਜੂਦ ਸਨ।