ਅਸ਼ੋਕ ਵਰਮਾ
ਬਰਨਾਲਾ, 27 ਜਨਵਰੀ 2021 - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਹੇ ਧਰਨੇ ਦੌਰਾਨ ਬੁਲਾਰਿਆਂ ਨੇ ਲਾਲ ਕਿਲੇ ’ਚ ਵਾਪਰੀਆਂ ਘਟਨਾਵਾਂ ਨੂੰ ਲੈਕੇ ਫਿਕਰ ਜਾਹਰ ਕੀਤੇ। ਉਹਨਾਂ ਆਖਿਆ ਕਿ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਅਤੇ ਕਿਸਾਨ ਲਹਿਰ ਨੂੰ ਇਹ ਬਹਾਨਾ ਵਰਤਕੇ ਹਕੂਮਤੀ ਜਬਰ ਦਾ ਨਿਸ਼ਾਨਾ ਬਨਾਉਣ ਲਈ ਇਹ ਕਾਰਾ ਕੀਤਾ ਗਿਆ ਹੈ। ਇਸ ਮੌਕੇ ਮਤਾ ਪਾਸ ਕਰਕੇ ਲਾਲ ਕਿਲੇ ਤੇਕੇਸਰੀ ਝੰਡਾ ਝੁਲਾਏ ਜਾਣ ਦੀ ਘਟਨਾ ਨੂੰ ਲੈਕੇ ਮੋਦੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਮਤੇ ’ਚ ਆਖਿਆ ਕਿ ਝੰਡਾ ਝੁਲਾਉਣ ਵਾਲਿਆਂ ਨਾਲ ਕਿਸਾਨੀ ਸੰਘਰਸ਼ ਦਾ ਕੁੱਝ ਵੀ ਲੈਣਾ ਦੇਣਾ ਨਹੀਂ ਹੈ।
ਅੱਜ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ, ਹਰਚਰਨ ਚੰਨਾ ਅਤੇ ਗੁਰਚਰਨ ਸਿੰਘ ਨੇ ਸਫਲ ਵਿਸ਼ਾਲ ਗਣਤੰਤਰ ਟਰੈਕਟਰ ਪਰੇਡ ਲਈ ਬਰਨਾਲਾ ਵਾਸੀਆਂ ਨੂੰ ਸੰਗਰਾਮੀ ਮੁਬਾਰਕਬਾਦ ਦਿੱਤੀ। ਉਹਨਾਂ ਆਖਿਆ ਕਿ ਬਰਨਾਲਾ ਜਿਲੇ ਚੋਂ 6200 ਤੋਂ ਵਧੇਰੇ ਟਰੈਕਟਰਾਂ, ਸੌ ਜੀਪਾਂ,ਕਾਰਾਂ, ਸੈਂਕੜੇ ਮੋਟਰਸਾਈਕਲਾਂ ਨੇ ਸ਼ਮੂਲੀਅਤ ਕਰਕੇ ਮੋਦੀ ਹਕੂਮਤ ਨੂੰ ਕਿਸਾਨਾਂ ਅੰਦਰ ਫੈਲੇ ਵਿਆਪਕ ਵਿਦਰੋਹ ਦਾ ਪ੍ਰਗਟਾਅ ਕੀਤਾ ਹੈ। ਆਗੂਆਂ ਕਿਹਾ ਕਿ ਸਾਂਝਾ ਕਿਸਾਨੀ ਸੰਘਰਸ਼ ਆਪਣੇ ਤਹਿ ਕੀਤੇ ਏਜੰਡੇ ਤੋਂ ਰਤੀ ਭਰ ਵੀ ਪਾਸੇ ਵੀ ਪਾਸੇ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਇਹ ਮੋੋਦੀ ਸਰਕਾਰ ਦੀ ਸ਼ਰਮਨਾਕ ਸਾਜਿਸ਼ ਹੈ ਅਤੇ ਪਹਿਲਾਂ ਵੀ ਬਹੁਤ ਸਾਰੀਆਂ ਸਾਜਿਸ਼ਾਂ ਘੜੀਆਂ ਗਈਆਂ ਸਨ, ਜਿਹਨਾਂ ਦਾ ਜਵਾਬ ਜਥੇਬੰਦਕ ਤਾਕਤ ਨਾਲ ਦਿੱਤਾ ਜਾਂਦਾ ਰਿਹਾ ਹੈ।
ਆਗੂਆਂ ਇਹ ਵੀ ਕਿਹਾ ਮੋਦੀ ਹਕੂਮਤ ਕਿਸਾਨੀ ਸੰਘਰਸ਼ ਦੌਰਾਨ ਦਲੀਲਾਂ ਅਤੇ ਇਖਲਾਕੀ ਤੌਰ’ਤੇ ਹਾਰ ਚੁੱਕੀ ਹੈ। ਲੋਕ ਭਲੀ ਭਾਂਤ ਸਮਝ ਗਏ ਸਨ ਕਿ ਖੇਤੀ ਵਿਰੋਧੀ ਤਿੰਨੇ ਬਿੱਲ ਸਾਮਰਾਜੀ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾਕੋਸ਼ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਅਡਾਨੀ-ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਲਿਆਂਦੇ ਗਏ ਹਨ। ਅੱਜ ਅਜਾਦ ਰੰਗ ਮੰਚ ਬਰਨਾਲਾ (ਰਣਜੀਤ ਭੋਤਨਾ) ਦੀ ਨਾਟਕ ਟੀਮ ਨੇ ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ਖੂਬਸੂਰਤ ਅੰਦਾਜ ਵਿੱਚ ਪੇਸ਼ ਕੀਤਾ। ਅੱਜ ਬਲਵੰਤ ਰਾਏ ਠੀਕਰੀਵਾਲ, ਨਿਰਮਲ ਸਿੰਘ ਭੱਠਲ,ਦਲੀਪ ਸਿੰਘ ਬਰਨਾਲਾ, ਲਛਮਣ ਸਿੰਘ ਬਰਨਾਲਾ ਅਤੇ ਕਰਨੈਲ ਸਿੰਘ ਚੁਹਾਣਕੇ ਭੁੱਖ ਹੜਤਾਲ ਤੇ ਬੈਠੇ। ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬੱਚੀ ਕਿਰਤਵੀਰ ਕੌਰ ਨੇ ਜੋਸ਼ੀਲੇ ਨਾਹਰਿਆਂ ਨਾਲ ਪੰਡਾਲ ’ਚ ਜੋਸ਼ ਭਰਿਆ।