ਅਸ਼ੋਕ ਵਰਮਾ
ਬਠਿੰਡਾ,27ਜਨਵਰੀ2021:ਪੰਜਾਬ ਕੇਂਦਰੀ ਯੂਨੀਵਰਸਿਟੀ ਨੇ 72 ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ‘ਘੁੱਦਾ’ ਸਥਿਤ ਯੂਨੀਵਰਸਿਟੀ ਕੈਂਪਸ ਤਿਰੰਗਾ ਅਤੇ ਯੂਨੀਵਰਸਿਟੀ ਦਾ ਝੰਡਾ ਲਹਿਰਾਇਆ। ਇਸ ਮੌਕੇ ਤੇ ਰਾਸ਼ਟਰ ਗਾਣ ਅਤੇ ਯੂਨੀਵਰਸਿਟੀ ਕੁਲ ਗੀਤ ਵੀ ਗਾਇਆ ਗਿਆ। ਇਸ ਮੌਕੇ ਪਰੇਡ ਦਾ ਨਿਰੀਖਣ ਕਰਕੇ ਪ੍ਰੋ. ਤਿਵਾੜੀ ਨੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਸਰਕਾਰ ਨੇ ਕਿਹਾ ਕਿ ਸਮਾਜਿਕ ਜਰੂਰਤਾਂ-ਅਧਾਰਤ ਖੋਜ ਨੂੰ ਉਤਸ਼ਾਹਿਤ ਕਰਨ ਦੇ ਨਤੀਜੇ ਵਜੋਂ ਦੇਸ਼ ’ਚ ਦੋ ਭਾਰਤ ’ਚ ਕਰੋਨਾ ਟੀਕਾ ਤਿਆਰ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਇਹ ਟੀਕਾ ਹੋਰਨਾਂ ਦੇਸ਼ਾਂ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੁਨੀਆਂ ਦੇ ਦੇਸ਼ ਆਪਣੇ ਸਥਿਰ ਵਿਕਾਸ ਦੇ ਟੀਚਿਆਂ (ਐਸ.ਡੀ.ਜੀ.) ਨੂੰ ਉਦੋਂ ਹੀ ਹਾਸਲ ਕਰ ਸਕਣਗੇ ਜਦੋਂ ਅਸੀਂ ਆਪਣੀ ਜਿੰਦਗੀ ਕੁਦਰਤ ਅਨੁਸਾਰ ਬਤੀਤ ਕਰਾਂਗੇ ਅਤੇ ਸਾਡੀ ਸਿੱਖਿਆ ਤੇ ਖੋਜ ਸੰਸਥਾਵਾਂ ਸਥਿਰ ਵਿਕਾਸ ਅਧਾਰਿਤ ਜੀਵਨ ਸ਼ੈਲੀ ਨੂੰ ਅਪਨਾਉਣ ਵੱਲ ਖੋਜ ਕਰਨ ‘ਤੇ ਧਿਆਨ ਕੇਂਦਿ੍ਰਤ ਕਰਨਗੀਆਂ।
ਪ੍ਰੋ. ਤਿਵਾੜੀ ਨੇ ਇਸ ਮੌਕੇ ਕੌਮੀ ਸਿੱਖਿਆ ਨੀਤੀ-2020 ਦੀਆਂ ਖੂਬੀਆਂ ਦੱਸੀਆਂ ਅਤੇ ਆਖਿਆ ਕਿ ਇਹ ਸਿੱਖਿਆ ਵਿਸ਼ਵ ਪੱਧਰੀ ਨਾਗਰਿਕ ਤਿਆਰ ਕਰਨ ‘ਤੇ ਕੇਂਦਿ੍ਰਤ ਹੈ, ਜੋ ਸਵੈ-ਨਿਰਭਰ ਭਾਰਤ ਦਾ ਸੁਪਨਾ ਪੂਰਾ ਕਰਨਗੇ। ਉਹਨਾਂ ਨੌਜਵਾਨਾਂ ਨੂੰ ਇੱਕ ਜਿੰਮੇਵਾਰ ਨਾਗਰਿਕ ਵਜੋਂ ਕੰਮ ਕਰਨ ਅਤੇ ਮਹਾਤਮਾ ਗਾਂਧੀ ਦੁਆਰਾ ਦਰਸਾਏ ਗਏ ‘ਸੱਤ ਸਮਾਜਿਕ ਪਾਪਾਂ’ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ, ਡੀਨ ਰਿਸਰਚ ਪ੍ਰੋ. ਅੰਜਨਾ ਮੁਨਸ਼ੀ, ਰਜਿਸਟਰਾਰ ਕੇ.ਪੀ.ਐੱਸ. ਮੁੰਦਰਾ, ਫੈਕਲਟੀ, ਸਟਾਫ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਹਾਜਰ ਸਨ।