ਹਰਜਿੰਦਰ ਸਿੰਘ ਬਸਿਆਲਾ
- ਭ੍ਰਿਸ਼ਟਾਚਾਰ-ਨਾ ਬਈ ਇਥੇ ਨਹੀਂ ਹੁੰਦਾ
- ਭਾਰਤ ਆਇਆ 86ਵੇਂ ਨੰਬਰ ਉਤੇ
ਆਕਲੈਂਡ, 28 ਜਨਵਰੀ, 2020 - ਨਿਊਜ਼ੀਲੈਂਡ ਜਿੱਥੇ ਆਪਣੀ ਕੁਦਰਤੀ ਸੁੰਦਰਤਾ ਕਰਕੇ ਮਸ਼ਹੂਰ ਹੈ ਉਥੇ ਇਸ ਦੇਸ਼ ਦੀਆਂ ਕਈ ਹੋਰ ਖੂਬੀਆਂ ਵੀ ਵਿਸ਼ਵ ਦੇ ਵਿਚ ਇਸਨੂੰ ਮੋਹਰੀ ਬਣਾਈ ਰੱਖਦੀਆਂ ਹਨ। ਹੁਣ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਨਿਊਜ਼ੀਲੈਂਡ ਵਿਸ਼ਵ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਹੈ। 2020 ਦੌਰਾਨ ਭ੍ਰਿਸ਼ਟਾਚਾਰ ਦੀ ਪੜ੍ਹਚੋਲ ਦੇ ਵਿਚ ਪਾਇਆ ਗਿਆ ਕਿ ਨਿਊਜ਼ੀਲੈਂਡ ਅਤੇ ਡੈਨਮਾਰਕ ਪੂਰੇ ਸੰਸਾਰ ਦੇ ਵਿਚ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਦੀ ਸ਼੍ਰੇਣੀ ਵਿਚ ਅੱਵਲ ਹਨ।
ਨਿਊਜ਼ੀਲੈਂਡ ਨੂੰ 100 ਵਿਚੋਂ 88 ਨੰਬਰ ਪ੍ਰਾਪਤ ਹੋਏ ਹਨ ਜੋ ਕਿ ਪਿਛਲੇ ਸਾਲ ਨਾਲੋਂ ਇਕ ਜਿਆਦਾ ਹੈ। ਡੈਨਮਾਰਕ ਨੂੰ ਵੀ 88 ਨੰਬਰ ਪ੍ਰਾਪਤ ਹੋਏ ਅਤੇ ਉਸਦਾ ਰੈਂਕ ਵੀ ਨੰਬਰ- ਇਕ ਹੈ। ਫਿਨਲੈਂਡ, ਸਵਿਟਜਰਲੈਂਡ, ਸਿੰਗਾਪੋਰ ਅਤੇ ਸਵੀਡਨ ਨੂੰ 85 ਅੰਕ ਲੈ ਕੇ ਤੀਜੇ ਰੈਂਕ ਉਤੇ ਹਨ। ਪਿਛਲੇ 9 ਸਾਲਾਂ ਤੋਂ ਨਿਊਜ਼ੀਲੈਂਡ ਅੱਵਲ ਸ਼੍ਰੇਣੀ ਦੇ ਵਿਚ ਆ ਰਿਹਾ ਹੈ।
ਟ੍ਰਾਂਸਪੇਰੇਂਸੀ ਇੰਟਰਨੈਸ਼ਨਲ ਨੇ ਅਜਿਹੇ ਸਰਵੇ 1995 ਦੇ ਵਿਚ ਸ਼ੁਰੂ ਕੀਤੇ ਸਨ। ਉਸ ਵੇਲੇ ਵੀ ਨਿਊਜ਼ੀਲੈਂਡ ਇਕ ਨੰਬਰ ਉਤੇ ਸੀ। ਨਿਊਜ਼ੀਲੈਂਡ ਦਾ ਗੁਆਂਢੀ ਮੁਲਕ ਆਸਟਰੇਲੀਆ 77 ਅੰਕ ਹਾਸਿਲ ਕਰਕੇ 11ਵੇਂ ਨੰਬਰ ਉਤੇ ਆਇਆ ਹੈ। ਭਾਰਤ ਦੇਸ਼ 40 ਅੰਕ ਪ੍ਰਾਪਤ ਕਰਕੇ ਜਿਆਦਾ ਭ੍ਰਿਸ਼ਟਾਚਾਰ ਦੇ ਖੇਤਰ ਵਿਚ 86ਵਾਂ ਸਥਾਨ ਪ੍ਰਾਪਤ ਕਰਕੇ ਵਿਸ਼ਵ ਦੇ ਨਕਸ਼ੇ 'ਤ ਆਪਣੀ ਝਲਕ ਖਤਰੇ ਵਾਲੇ ਲਾਲ ਰੰਗ ਵਿਚ ਵਿਖਾ ਗਿਆ। ਜਦ ਕਿ ਪਾਕਿਸਤਾਨ ਦੇਸ਼ ਦਾ 31 ਅੰਕ ਲੈ ਕੇ 124ਵੇਂ ਨੰਬਰ ਉਤੇ ਭ੍ਰਿਸ਼ਟ ਦੇਸ਼ ਰਿਹਾ।
ਸੋ ਵਿਸ਼ਵ ਵਿਚ ਮੋਹਰੀ ਬਨਣਾ ਹੈ ਤਾਂ ਘੱਟ ਭ੍ਰਿਸ਼ਟ ਦੇਸ਼ਾਂ ਦੇ ਤੁਹਾਡੇ ਦੇਸ਼ ਦਾ ਨਾਂਅ ਆਉਣਾ ਜਰੂਰੀ ਹੈ ਤਾਂ ਹੀ ਕੋਈ ਨਿਵੇਸ਼ਕ ਉਥੇ ਪੈਸੇ ਲਾ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ। ਸੋ ਖਬਰਾਂ ਕਈ ਨਿਕਲਦੀਆਂ ਰਹਿੰਦੀਆਂ ਹਨ ਜੋ ਵਾਸੀਆਂ ਅਤੇ ਪ੍ਰਵਾਸੀਆਂ ਨਾਲ ਸਬੰਧਿਤ ਹੁੰਦੀਆਂ ਹਨ, ਕੋਸ਼ਿਸ਼ ਕਰੀਏ ਜਿਸ ਦੇਸ਼ ਦੇ ਵਿਚ ਰਹਿੰਦੇ ਹਾਂ ਉਸਦੇ ਵਿਚ ਚੰਗਾ ਯੋਗਦਾਨ ਪਾਈਏ।