ਅਸ਼ੋਕ ਵਰਮਾ
ਚੰਡੀਗੜ੍ਹ, 28 ਜਨਵਰੀ 2021 - ਅੱਜ ਭਾਕਿਯੂ (ਏਕਤਾ ਉਗਰਾਹਾਂ) ਦੀ ਸੂਬਾ ਪੱਧਰੀ ਮੀਟਿੰਗ ਜਥੇਬੰਦੀ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਟੱਲੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ 26 ਜਨਵਰੀ ਨੂੰ ਮੋਦੀ ਭਾਜਪਾ ਸਰਕਾਰ ਵੱਲੋਂ ਜ਼ਰਖਰੀਦ ਫਿਰਕੂ ਅਨਸਰਾਂ ਦੁਆਰਾ ਲਾਲ ਕਿਲ੍ਹੇ ਵਿੱਚ ਖੁਦ ਕਰਵਾਈ ਗਈ ਗੜਬੜ ਦੇ ਬਹਾਨੇ ਹੇਠ ਦਿੱਲੀ ਵਿੱਚ ਲੱਖਾਂ ਦੀ ਤਾਦਾਦ ‘ਚ ਪੁਰਅਮਨ ਟ੍ਰੈਕਟਰ ਪਰੇਡ ਕਰ ਰਹੇ 37 ਕਿਸਾਨ ਆਗੂਆਂ ਸਮੇਤ ਸੈਂਕੜੇ ਕਿਸਾਨਾਂ ਸਿਰ ਝੂਠੇ ਪੁਲਿਸ ਕੇਸ ਮੜ੍ਹਨ ਅਤੇ 200 ਤੋਂ ਵੱਧ ਨੂੰ 50 ਟ੍ਰੈਕਟਰਾਂ ਸਮੇਤ ਗਿ੍ਫਤਾਰ ਕਰਨ ਵਿਰੁੱਧ ਰੋਸ ਵਜੋਂ ਛੇਤੀ ਹੀ ਸੰਯੁਕਤ ਕਿਸਾਨ ਮੋਰਚੇ ਨਾਲ ਸਾਂਝਾ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਜਿਸਨੂੰ ਦਿੱਲੀ ਸਾਂਝੀ ਮੀਟਿੰਗ ਵਿੱਚ ਅੰਤਮ ਛੋਹਾਂ ਦਿੱਤੀਆ ਜਾ ਰਹੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 16 ਜਿਲ੍ਹਿਆਂ ਦੇ ਦਰਜਨਾਂ ਨੁਮਾਇੰਦੇ 10 ਔਰਤਾਂ ਸਮੇਤ ਸ਼ਾਮਲ ਸਨ। ਉਨ੍ਹਾਂ ਵੱਲੋਂ ਲਾਲ ਕਿਲ੍ਹਾ ਘਟਨਾਕ੍ਰਮ ਬਾਰੇ ਪਿੰਡ ਪਿੰਡ ਆਮ ਕਿਸਾਨਾਂ ‘ਚ ਛਿੜੀ ਚਰਚਾ ਦੇ ਹਵਾਲਿਆਂ ਨਾਲ ਕੀਤੀ ਰਿਪੋਰਟਿੰਗ ਅਨੁਸਾਰ ਆਮ ਲੋਕ ਰਾਇ ਕੇਂਦਰ ਸਰਕਾਰ ਦੀ ਇਸ ਹੋਛੀ ਸਾਜਿਸ਼ੀ ਕਰਤੂਤ ਦੇ ਸਰਾਸਰ ਵਿਰੁੱਧ ਬਣੀ ਹੋਈ ਹੈ। ਸਗੋਂ ਇਸ ਕਰਤੂਤ ਵਿੱਚ ਸਰਕਾਰੀ ਮੋਹਰੇ ਬਣੇ ਦੀਪ ਸਿੱਧੂ, ਸਰਵਣ ਪੰਧੇਰ ਅਤੇ ਲੱਖੇ ਸਿਧਾਣੇ ਵਰਗਿਆਂ ਨੂੰ ਵੀ ਲੋਕ ਲਾਹਨਤਾਂ ਪਾ ਰਹੇ ਹਨ, ਜਿਨ੍ਹਾਂ ਨੇ ਭੋਲੇ ਭਾਲੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਭੜਕਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਉਹਨਾਂ ਆਖਿਆ ਕਿ ਕਿਸਾਨੀ ਮੰਗਾਂ ਖਾਤਰ ਸਿਖਰਾਂ ਛੋਹ ਰਹੇ ਮੌਜੂਦਾ ਘੋਲ਼ ਵਿੱਚ ਫੁੱਟਪਾਊ ਧਾਰਮਿਕ ਮੁੱਦੇ ਘਸੋੜਨ ਦੇ ਸਿਰਤੋੜ ਯਤਨਾਂ ਰਾਹੀਂ ਘੋਲ਼ ਨੂੰ ਢਾਹ ਲਾਉਣ ਅਤੇ ਸਰਕਾਰੀ ਜਬਰ ਨੂੰ ਸੱਦਾ ਦੇਣ ਦੇ ਉਨ੍ਹਾਂ ਦੇ ਮਨਸੂਬਿਆਂ ਨੂੰ ਮੁਲਕ ਭਰ ਦੇ ਕਿਸਾਨ ਮਜਦੂਰ ਤੇ ਕਿਰਤੀ ਲੋਕ ਬਾਖੂਬੀ ਬੁੱਝ ਰਹੇ ਹਨ ਅਤੇ ਨਕਾਰ ਰਹੇ ਹਨ। ਦਿੱਲੀ ਬਾਰਡਰ ਮੋਰਚਿਆਂ ਅਤੇ ਪੰਜਾਬ ਵਿਚਲੇ ਧਰਨੇ ਘਿਰਾਓ ਪ੍ਰੋਗ੍ਰਾਮਾਂ ਵਿੱਚ ਅਜੇ ਵੀ ਲਗਾਤਾਰ ਵਧ ਰਹੀ ਗਿਣਤੀ ਇਸਦਾ ਸਬੂਤ ਹੈ। ਉਹਨਾਂ ਦੱਸਿਆ ਕਿ ਅਗਲੇ ਐਕਸ਼ਨ ਦੀਆਂ ਮੁੱਖ ਮੰਗਾਂ ਵਿੱਚ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਝੂਠੇ ਕੇਸ ਰੱਦ ਕਰਨ ਅਤੇ ਗ੍ਰਿਫਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਟ੍ਰੈਕਟਰਾਂ ਸਮੇਤ ਤੁਰੰਤ ਰਿਹਾਈ ਦੀਆਂ ਮੰਗਾਂ ਸ਼ਾਮਲ ਹੋਣਗੀਆਂ।
ਉਹਨਾਂ ਆਖਿਆ ਕਿ ਪੂਰੇ ਘਟਨਾਕ੍ਰਮ ਦੀ ਤੱਥਾਂ ਸਹਿਤ ਭਰਵੀਂ ਰਿਪੋਰਟਿੰਗ ਅਤੇ ਐਲਾਨ ਕੀਤੇ ਜਾਣ ਵਾਲੇ ਪਰੋਗ੍ਰਾਮ ਦੀ ਤਿਆਰੀ ਲਈ ਕੱਲ੍ਹ ਤੋਂ ਹੀ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਦਾ ਤਾਂਤਾ ਬੰਨ੍ਹਿਆ ਜਾਵੇਗਾ। ਸਮੂਹ ਕਿਸਾਨਾਂ ਮਜਦੂਰਾਂ ਨੌਜਵਾਨਾਂ ਤੇ ਔਰਤਾਂ ਨੂੰ ਹੋਰ ਜੋਰ ਨਾਲ ਲੱਕ ਬੰਨ੍ਹ ਕੇ ਹਰ ਮੋਰਚੇ ਦੀਆਂ ਲਾਮਬੰਦੀਆਂ ਵਧਾਉਣ ਦਾ ਸੱਦਾ ਦਿੱਤਾ ਗਿਆ।