ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਤਿਆਰੀ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਐਤਵਾਰ ਦੇ ਦਿਨ ਵੀ ਵਾਧੂ ਜਮਾਤਾਂ
ਬਰਨਾਲਾ,21 ਫਰਵਰੀ, 2021 : ਸੂਬੇ ਦਾ ਸਕੂਲ ਸਿੱਖਿਆ ਵਿਭਾਗ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਗਾਮੀ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਬਿਹਤਰ ਕਾਰਗੁਜ਼ਾਰੀ ਨਾਲ ਸੌ ਫੀਸਦੀ ਸਫ਼ਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦਾ।ਕੋਰੋਨਾ ਪਾਬੰਦੀਆਂ ਬਦੌਲਤ ਲੰਬਾ ਅਰਸਾ ਹੋਈ ਸਕੂਲਾਂ ਦੀ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ 1ਅਤੇ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਹਰ ਸੰਭਵ ਨੁਕਸਾਨ ਦੀ ਪੂਰਤੀ ਲਈ ਲਗਾਤਾਰ ਉਪਰਾਲੇ ਜਾਰੀ ਹਨ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੱਲ ਰਹੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਦੌਰਾਨ ਸੋਮਵਾਰ ਨੂੰ ਛੇਵੀਂ ਜਮਾਤ ਦਾ ਹਿੰਦੀ ਵਿਸ਼ੇ ਦਾ,ਸੱਤਵੀਂ ਜਮਾਤ ਦਾ ਸਮਾਜਿਕ ਸਿੱਖਿਆ ਵਿਸ਼ੇ ਦਾ,ਅੱਠਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ,ਨੌਵੀਂ ਜਮਾਤ ਦਾ ਵਿਗਿਆਨ ਵਿਸ਼ੇ ਦਾ ਅਤੇ ਦਸਵੀਂ ਜਮਾਤ ਦਾ ਗਣਿਤ ਵਿਸ਼ੇ ਦਾ ਪੇਪਰ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਐਤਵਾਰ ਦੇ ਦਿਨ ਵਾਧੂ ਜਮਾਤਾਂ ਲਗਾ ਕੇ ਇਹਨਾਂ ਪੇਪਰਾਂ ਦੀ ਤਿਆਰੀ ਕਰਵਾਈ ਗਈ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੁੰਨਸ ਦੇ ਪ੍ਰਿੰਸੀਪਲ ਨੀਰਜਾ ਨੇ ਦੱਸਿਆ ਕਿ ਸਕੂਲ ਦੇ ਗਣਿਤ ਅਧਿਆਪਕ ਸ੍ਰ ਬਲਦੇਵ ਸਿੰਘ ਵੱਲੋਂ ਦਸਵੀਂ 'ਏ' ਜਮਾਤ ਦੇ ਵਿਦਿਆਰਥੀਆਂ ਦੀ ਅਤੇ ਬਲਾਕ ਮੈਂਟਰ ਵਜੋਂ ਕੰਮ ਕਰਦੇ ਸਕੂਲ ਦੇ ਅਧਿਆਪਕ ਸ੍ਰੀ ਕ੍ਰਿਸ਼ਨ ਲਾਲ ਵੱਲੋਂ ਦਸਵੀਂ 'ਬੀ' ਜਮਾਤ ਦੇ ਵਿਦਿਆਰਥੀਆਂ ਦੀ ਐਤਵਾਰ ਦੇ ਦਿਨ ਵਾਧੂ ਜਮਾਤ ਲਗਾ ਕੇ ਗਣਿਤ ਦੀ ਹੋਣ ਵਾਲੇ ਪ੍ਰੀ-ਬੋਰਡ ਪ੍ਰੀਖਿਆ ਦੀ ਤਿਆਰੀ ਕਰਵਾਈ ਗਈ।ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਰਾਮਗੜ੍ਹ ਦੇ ਇੰਚਾਰਜ ਸ੍ਰ ਹਾਕਮ ਸਿੰਘ ਨੇ ਦੱਸਿਆ ਕਿ ਸਕੂਲ ਦੀ ਗਣਿਤ ਅਧਿਆਪਕਾ ਸ੍ਰੀਮਤੀ ਮਨਜਿੰਦਰ ਕੌਰ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਐਤਵਾਰ ਦੇ ਦਿਨ ਗਣਿਤ ਵਿਸ਼ੇ ਦੀ ਵਾਧੂ ਜਮਾਤ ਲਗਾ ਕੇ ਪ੍ਰੀ-ਬੋਰਡ ਪ੍ਰੀਖਿਆ ਦੀ ਤਿਆਰੀ ਕਰਵਾਈ ਗਈ।ਸ੍ਰੀ ਹਰੀਸ਼ ਬਾਂਸਲ ਪ੍ਰਿੰੰਸੀਪਲ ਜਿਲ੍ਹਾ ਮੈਂਟਰ ਵਿਗਿਆਨ, ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ, ਕਮਲਦੀਪ ਜਿਲ੍ਹਾ ਮੈਂਟਰ ਗਣਿਤ ਅਤੇ ਸ੍ਰ ਬਿੰਦਰ ਸਿੰਘ ਖੁੱਡੀ ਕਲਾਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱੱਲੋਂ ਪ੍ਰੀ-ਬੋਰਡ ਪ੍ਰੀਖਿਆਵਾਂ ਦੀ ਤਿਆਰੀ ਲਈ ਛੁੱਟੀ ਦੇ ਦਿਨ ਵਿਦਿਆਰਥੀਆਂ ਦੀਆਂ ਜਮਾਤਾਂ ਲਗਾਉਣਾ ਆਪਣੇ ਆਪ ਵਿੱਚ ਕਾਬਲੇਤਾਰੀਫ਼ ਉਪਰਾਲਾ ਹੈ।