ਸਾਂਝਾ ਕਿਸਾਨ ਮੋਰਚਾ: ਏਕੇ ਦੀ ਤਾਕਤ ਨਾਲ ਹੀ ਹਰਾਇਆ ਜਾ ਸਕਦਾ ਫਾਸ਼ੀਵਾਦ - ਪ੍ਰੋਫੈਸਰ ਜਗਮੋਹਨ
ਅਸ਼ੋਕ ਵਰਮਾ
ਬਰਨਾਲਾ,20ਫਰਵਰੀ2021:ਬਰਨਾਲਾ ਰੇਲਵੇ ਸਟੇਸ਼ਨ ‘ਤੇ ਤੀਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਨੂੰ ਅੱਜ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਮੌਜੂਦਾ ਕੇਂਦਰੀ ਸਰਕਾਰ ਸਾਰੀਆਂ ਸੰਵਿਧਾਨਕ ਤੇ ਕਾਨੂੰਨੀ ਮਾਨਤਾਵਾਂ ਦਾ ਘਾਣ ਕਰਦੀ ਆ ਰਹੀ ਹੈ ਅਤੇ ਲੋਕਾਂ ‘ਤੇ ਜਬਰ ਕਰਨ ਦੇ ਫਾਸ਼ੀਵਾਦੀ ਤੌਰ ਤਰੀਕੇ ਅਪਣਾ ਰਹੀ ਹੈ। ਫਾਸ਼ੀਵਾਦ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਫਾਸ਼ੀਵਾਦ ਲੋਕਾਂ ਨੂੰ ਕਮਜ਼ੋਰ ਤੇ ਨਿਤਾਣੇ ਬਣਾ ਕੇ ਰਾਜ ਕਰਨਾ ਚਾਹੁੰਦਾ ਹੈ। ਚਾਹੇ ਨੋਟਬੰਦੀ ਹੋਵੇ, ਜੀਐਸਟੀ ਲਾਗੂ ਕਰਨਾ ਹੋਵੇ, ਲਾਕਡਾਊਨ ਲਾਉਣਾ ਜਾਂ ਤਿੰਨ ਨਵੇਂ ਖੇਤੀ ਕਾਨੂੰਨ ਬਣਾਉਣੇ ਹੋਣ, ਇਸ ਸਾਰੇ ਕਦਮ ਲੋਕਾਂ ਨੂੰ ਕਮਜ਼ੋਰ ਕਰਨ ਲਈ ਉਠਾਏ ਗਏ ਹਨ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਮੌਜੂਦਾ ਕਿਸਾਨ ਅੰਦੋਲਨ ਵਿਚ ਪੂਰੀ ਮੁਲਕ ਦੀ ਅਗਵਾਈ ਕੀਤੀ ਹੈ, ਉਸ ਤੋਂ ਆਸ ਬੱਝਦੀ ਹੈ ਕਿ ਲੋਕ ਜਲਦੀ ਹੀ ਫਾਸ਼ੀਵਾਦ ‘ਤੇ ਜਿਤ ਪ੍ਰਾਪਤ ਕਰ ਲੈਣਗੇ।
ਅੱਜ ਧਰਨੇ ਵਿਚ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਧਰਨੇ ਨੂੰ ਗੁਰਦੇਵ ਮਾਂਗੇਵਾਲ, ਹਰਚਰਨ ਚੰਨਾ, ਗੁਰਮੇਲ ਸ਼ਰਮਾ, ਮਾਸਟਰ ਨਿਰੰਜਣ ਸਿੰਘ, ਚਰਨਜੀਤ ਕੌਰ , ਪ੍ਰੇਮਪਾਲ ਕੌਰ, ਗੁਰਪਰੀਤ ਰੂੜੇਕੇ, ਜਗਰਾਜ ਟੱਲੇਵਾਲ, ਡਾਕਟਰ ਰਾਜਿੰਦਰਪਾਲ ਅਤੇ ਬਲਵੀਰ ਕੌਰ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 23 ਤਰੀਕ ਨੂੰ ਸਰਦਾਰ ਅਜੀਤ ਸਿੰਘ, ਜੋ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਨ, ਦਾ ਜਨਮ ਦਿਨ ਮੋਰਚੇ ਵੱਲੋਂ ‘ਪੱਗੜੀ ਸੰਭਾਲ ਜੱਟਾ’ ਦਿਵਸ ਵਜੋਂ ਮਨਾਇਆ ਜਾਵੇਗਾ। ਚਾਚਾ ਅਜੀਤ ਸਿੰਘ ਨੇ ਸੰਨ 1907 ਵਿਚ ਅੰਗਰੇਜ਼ਾਂ ਦੇ ਆਬਾਦਕਾਰੀ ਕਾਨੂੰਨ ਵਿਰੁੱਧ ਲਗਾਤਾਰ 9 ਮਹੀਨੇ ਅੰਦੋਲਨ ਚਲਾਇਆ ਸੀ ਅਤੇ ਉਹ ਕਾਲਾ ਕਾਨੂੰਨ ਵਾਪਸ ਕਰਵਾ ਕੇ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਉਨ੍ਹਾਂ ਮਹਾਨ ਦੇਸ਼ ਭਗਤਾਂ ਤੇ ਕਰਾਂਤੀਕਾਰੀਆਂ ਦੇ ਵਾਰਸ ਹਾਂ ਅਤੇ ਅਸੀਂ ਵੀ ਇਹ ਤਿੰਨੋਂ ਕਾਲੇ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲਵਾਂਗੇ ਫਿਰ ਚਾਹੇ ਸਾਨੂੰ ਚਾਚਾ ਅਜੀਤ ਸਿੰਘ ਦੇ ਅੰਦੋਲਨ ਤੋਂ ਵੀ ਵਧੇਰੇ ਲੰਬਾ ਅੰਦੋਲਨ ਕਿਉਂ ਨਾ ਚਲਾਉਣਾ ਪਵੇ।
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਬੁਲਾਰਿਆਂ ਗੁਰਪ੍ਰੀਤ ਰੂੜੇਕੇ ਤੇ ਰਾਜਿੰਦਰਪਾਲ ਨੇ ਵਿਸ਼ਵਾਸ ਦੁਆਇਆ ਕਿ ਉਹ ਕਿਸਾਨਾਂ ਦੇ ਅੰਦੋਲਨ ਦਾ ਪੂਰਾ ਸਾਥ ਦਿੰਦੇ ਰਹਿਣਗੇ। ਸਰਕਾਰ ਚਾਹੇ ਕਿੰਨਾ ਵੀ ਅੜੀਅਲ ਵਤੀਰਾ ਅਪਣਾ ਲਵੇ, ਲੋਕ ਏਕਤਾ ਦਾ ਹੜ੍ਹ ਹਾਕਮਾਂ ਨੂੰ ਕਿਸਾਨੀ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਵੇਗਾ। ਕਿਸਾਨ ਅੰਦੋਲਨ ਨੂੰ ਪੂਰੀ ਦੁਨੀਆ ‘ਚੋਂ ਸਮਰਥਨ ਮਿਲ ਰਿਹਾ ਹੈ। ਕੱਲ੍ਹ ਅਮਰੀਕਾ ਦੇ ਕਿਸਾਨਾਂ, ਮਜ਼ਦੂਰਾਂ ਤੇ ਸਮਾਜਕ ਕਾਰਕੁਨਾਂ ਦੀਆਂ 87 ਜਥੇਬੰਦੀਆਂ ਨੇ ਸਾਡੇ ਕਿਸਾਨ ਅੰਦੋਲਨ ਦੀ ਬਹੁਤ ਤਕੜੀ ਹਮਾਇਤ ਕੀਤੀ ਹੈ ਅਤੇ ਸਰਕਾਰਾਂ ਨੂੰ ਕਿਹਾ ਹੈ ਕਿ ਦੁਨੀਆਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਦੇ ਹਵਾਲੇ ਕਰਕੇ ਬਰਬਾਦ ਨਾ ਕੀਤਾ ਜਾਵੇ। ਸਾਡੀ ਲੜਾਈ ਲੰਬੀ ਹੋ ਸਕਦੀ ਹੈ ਪਰ ਸਾਡੀ ਜਿੱਤ ਯਕੀਨੀ ਹੈ।