ਅਸ਼ੋਕ ਵਰਮਾ
ਮਾਨਸਾ, 21 ਫਰਵਰੀ 2021 : ਮਜਦੂਰ ਮੁਕਤੀ ਮੋਰਚਾ ਪੰਜਾਬ ਨੇ 1ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਮਜਦੂਰਾਂ ਨੂੰ ਨਜਰ ਅੰਦਾਜ ਕਰਨ ਦੀ ਸੂਰਤ ’ਚ ਕੈਪਟਨ ਦੇ ਮੋਤੀ ਮਹਿਲ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 2017 ’ਚ ਮਜਦੂਰਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਯਾਦ ਕਰਾਉਣ ਲਈ 26 ਫਰਵਰੀ ਨੂੰ ਪੂਰੇ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਰਾਹੀ ਸਰਕਾਰ ਨੂੰ ਯਾਦ ਪੱਤਰ ਭੇਜੇ ਜਾਣਗੇ। ਇਹ ਫੈਸਲੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਹਨ।
ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਅਤੇ ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸਿੰਘ ਸੇਮਾ ਕਿਹਾ ਕਿ ਕੈਪਟਨ ਸਰਕਾਰ ਨੇ ਅੱਜ ਤੋ ਚਾਰ ਪਹਿਲਾ ਗਰੀਬਾਂ ਦਲਿਤਾਂ ਨਾਲ ਕੀਤੇ ਚੋਣ ਵਾਅਦੇ ਮੋਦੀ ਦੀ ਤਰ੍ਹਾਂ ਜੁਮਲੇ ਸਾਬਿਤ ਹੋਏ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਚਾਰ ਸਾਲਾਂ ਰਾਜ ਦੌਰਾਨ ਮਜਦੂਰਾਂ ਗਰੀਬਂ ਨੂੰ ਰਾਹਤ ਦੇਣ ਦੀ ਥਾਂ ਉਲਟਾ ਕੈਪਟਨ ਸਰਕਾਰ ਨੇ ਬਿਜਲੀ ਪਾਣੀ,ਸਿੱਖਿਆ ਅਤੇ ਬੱਸ ਕਿਰਾਇਆਂ ’ਚ ਅਥਾਹ ਵਾਧਾ ਕਰਕੇ ਜਿੱਥੇ ਗਰੀਬਾਂ ’ਤੇ ਵਾਧੂ ਆਰਥਿਕ ਬੋਝ ਪਾਇਆ ਉੱਥੇ ਹੀ ਚੋਣ ਵਾਅਦਿਆਂ ਤੋਂ ਭੱਜ ਗਈ ਹੈ।
ਉਹਨਾਂ ਕਿਹਾ ਕਿ 1ਮਾਰਚ ਤੋਂ ਸ਼ੁਰੂ ਹੋ ਰਹੇ ਸਰਕਾਰ ਦੇ ਬਜਟ ਇਜਲਾਸ ਵਿੱਚ ਮਜਦੂਰਾਂ ਅਤੇ ਗਰੀਬ ਔਰਤਾਂ ਸਿਰ ਚੜਿਆ ਸਮੁੱਚਾ ਕਰਜਾ ਮਾਫ ਕਰੇ,ਪੰਜਾਬ ਅੰਦਰ ਘਰੇਲੂ ਬਿਜਲੀ ਰੇਟ ਅੱਧੇ ਕਰਕੇ ਗਰੀਬਾਂ ਨੂੰ ਆਏ ਹਜਾਰਾਂ ਰੁਪਏ ਦੇ ਬਿਜਲੀ ਬਿੱਲ ਮਾਫ ਕੀਤੇ ਜਾਣ , ਪੰਜਾਬ ਦੀਆਂ ਪੰਚਾਇਤੀ ਤੇ ਸਰਕਾਰੀ ਜਮੀਨਾਂ ਵਿੱਚੋਂ ਬੇਜਮੀਨੇ ਗਰੀਬਾਂ ਨੂੰ ਰਿਹਾਇਸ਼ੀ ਪਲਾਟ ਤੇ ਗੁਜਾਰੇ ਲਾਇਕ ਜਮੀਨ ਦਾ ਹੱਕ ਦੇਣ,ਦਲਿਤ ਵਿਦਿਆਰਥੀਆਂ ਦੇ ਰੁਕੇ ਵਜੀਫੇ ਤੁਰੰਤ ਜਾਰੀ ਕਰਨ ਸਮੇਤ ਚੋਣਾਂ ਵਿੱਚ ਮਜਦੂਰਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ ਖੇਤੀ ਕਾਨੂੰਨਾਂ ਦੀ ਤਰਾਂ ਕਿਰਤ ਕਾਨੂੰਨਾਂ ‘ਚ ਕੀਤੀਆਂ ਮਜਦੂਰ ਮਾਰੂ ਸੋਧਾਂ ਵੀ ਵਿਧਾਨ ਸਭਾ ਵਿੱਚ ਮਤਾ ਪਾ ਕੇ ਰੱਦ ਕੀਤੀਆਂ ਜਾਣ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਬਜਟ ਸ਼ੈਸ਼ਨ ਵਿੱਚ ਮਜਦੂਰਾਂ ਨੂੰ ਅੱਖੋ-ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਪਟਨ ਸਰਕਾਰ ਖਿਲਾਫ ਕਿਸਾਨਾਂ ਦੀ ਤਰਾਂ ਤਿੱਖਾ ਮਜਦੂਰ ਅੰਦੋਲਨ ਕੀਤਾ ਜਾਵੇਗਾ।ਇਸ ਸਮੇਂ ਕਾਮਰੇਡ ਗੋਬਿੰਦ ਸਿੰਘ ਛਾਜਲੀ,ਕਾਮਰੇਡ ਮੱਖਣ ਸਿੰਘ ਰਾਮਗੜ੍ਹ,ਨਿੱਕਾ ਸਿੰਘ ਬਹਾਦਰਪੁਰ,ਸਤਨਾਮ ਸਿੰਘ ਪੱਖੀ ਖੁਰਦ,ਪਿ੍ਰਤਪਾਲ ਸਿੰਘ ਰਾਮਪੁਰਾ ,ਗੁਰਸੇਵਕ ਸਿੰਘ ਮਾਨ,ਭੋਲਾ ਸਿੰਘ ਝੱਬਰ,ਨਾਹਰਜੀਤ ਝੱਬਰ ,ਸੁਖਜੀਤ ਰਾਮਾਨੰਦੀ,ਮਨਜੀਤ ਕੌਰ ਜੋਗਾ,ਕਿ੍ਰਸ਼ਨਾ ਕੌਰ,ਕੁਲਵਿੰਦਰ ਕੌਰ ਰੇਤਗੜ੍ਹ,ਸੁਖਵੀਰ ਖਾਰਾ ਅਤੇ ਗੁਰਸੇਵਕ ਰੜ੍ਹ ਸ਼ਾਮਿਲ ਸਨ।