ਯੂਥ ਕਾਂਗਰਸੀ ਨੇਤਾ ਦੇ ਕਤਲ ਦੀ ਸਾਜਿਸ਼ ਕੈਨੇਡਾ 'ਚ ਰਚੀ ਗਈ,ਦਿੱਲੀ ਪੁਲਿਸ ਦਾ ਦਾਅਵਾ
ਚੰਡੀਗੜ੍ਹ,21 ਫਰਵਰੀ,2021: ਕਾਂਗਰਸ ਦੇ ਯੂਥ ਜ਼ਿਲ੍ਹਾ ਪ੍ਰਧਾਨ ਤੇ ਗੋਲੇਵਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ ਉਰਫ਼ ਗੁਰਲਾਲ ਪਹਿਲਵਾਨ ਹੱਤਿਆਕਾਂਡ ਦੀ ਗੁੱਥੀ ਸੁਲਝਦੀ ਦਿਖਾਈ ਦੇ ਰਹੀ ਹੈ। ਦਿੱਲੀ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਰੀਦਕੋਪਟ ਪੁਲਿਸ ਤੋਂ ਮਿਲੇ ਇਨਪੁਟ ਦੇ ਆਧਾਰ ਤੇ ਦਿੱਲੀ ਪੁਲਿਸ ਨੇ ਤਿੰਨਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗੁਰਲਾਲ ਪਹਿਲਵਾਨ ਦੇ ਕਤਲ ਦੀ ਸਾਜਿਸ਼ ਕੈਨੇਡਾ ਚ ਰਚੀ ਗਈ ਸੀ। ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਸ਼ੂਟਰ ਸੁਖਵਿੰਦਰ, ਸੌਰਭ ਤੇ ਗੁਰਿੰਦਰ ਸ਼ਾਮਲ ਹਨ। ਉਨ੍ਹਾਂ ਤੋਂ ਹੱਤਿਆਕਾਂਡ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫਰੀਦਕੋਟ ਲਿਆਉਣ ਲਈ ਪੁਲਿਸ ਦਿਲੀ ਰਵਾਨਾ ਵੀ ਹੋ ਗਈ ਹੈ। ਦਿੱਲੀ ਚ ਗ੍ਰਿਫਤਾਰ ਦੋਸ਼ੀਆਂ ਚ ਸ਼ਾਮਿਲ ਗੁਰਿੰਦਰ ਪਾਲ ਗੋਰਾ ਚੰਡੀਗੜ੍ਹ ਚ ਮਾਰੇ ਗਏ ਗੁਰਲਾਲ ਬਰਾੜ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ।
ਉਧਰ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ। ਇਸ ਕਤਲ ਦੇ ਤਾਰ ਕੈਨੇਡਾ ਨਾਲ ਵੀ ਜੁੜੇ ਹਨ। ਕਿਉਂ ਕਿ ਇਸ ਕਤਲ ਪਿੱਛੇ ਗੁਰਲਾਲ ਦੇ ਹੀ ਇਕ ਕਥਿਤ ਦੋਸ਼ੀ ਦਾ ਨਾਮ ਸਾਹਮਣੇ ਆ ਰਿਹਾ ਜੋ ਕਿ ਗੁਰਲਾਲ ਬਰਾੜ ਦਾ ਰਿਸ਼ਤੇਦਾਰ ਦੱਸਿਆ ਗਿਆ ਹੈ ਤੇ ਇਨੀ ਦਿਨੀਂ ਕੈਨੇਡਾ ਚ ਰਹਿ ਰਿਹਾ। ਦਿੱਲੀ ਪੁਲਿਸ ਨੇ ਦਾਆਵਾ ਕੀਤਾ ਹੈ ਕਿ ਪੁਲਿਸ ਹੱਤਿਆ ਦੀ ਸਾਜਿਸ਼ ਕੈਨੇਡਾ 'ਚ ਬੈਠੇ ਇਸ ਬੰਦੇ ਨੇ ਤੇ ਰਾਜਸਥਾਨ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਰਚੀ ਤੇ ਉਸ ਨੂੰ ਅੰਜਾਮ ਤੱਕ ਪਹੁੰਚਾਉਣ 'ਚ ਗੁਰਿੰਦਰ ਪਾਲ ਗੋਰਾ ਨੇ ਅਹਿਮ ਭੂਮਿਕਾ ਨਿਭਾਈ।
ਦਿੱਲੀ ਪੁਲਿਸ ਦੀ ਜਾਂਚ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਲਾਰੇਂਸ ਬਿਸ਼ਨੋਈ ਗੈਂਗ ਨੇ ਆਪਣੇ ਇਕ ਸਾਥੀ ਫਰੀਦਕੋਟ ਜਿਲ੍ਹੇ ਨਾਲ ਸਬੰਧਤ ਗੁਰਲਾਲ ਬਰਾੜ ਦੀ ਨਵੰਬਰ 2020 'ਚ ਚੰਡੀਗੜ੍ਹ 'ਚ ਹੋਈ ਹੱਤਿਆ ਦਾ ਬਦਲਾ ਲੈਣ ਲਈ ਗੁਰਲਾਲ ਪਹਿਲਵਾਨ ਦੀ ਹੱਤਿਆ ਕਰਵਾਈ । ਦਰਅਸਲ ਜਿਸ ਦਿਨ ਗੁਰਲਾਲ ਪਹਿਲਵਾਨ ਦੀ ਹੱਤਿਆ ਹੋਈ ਉਸੇ ਦਿਨ 18 ਫਰਵਰੀ ਨੂੰ ਹੀ ਰਾਜਸਥਾਨ ਦੀ ਅਜਮੇਰ ਜੇਲ ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਫੇਸਬੁੱਕ ਪੇਜ ਤੇ ਇਕ ਪੋਸਟ ਪਾ ਕੇ ਗੁਰਲਾਲ ਪਹਿਲਵਾਨ ਦੀ ਹੱਤਿਆ ਦੀ ਜ਼ਿੰਮੇਦਾਰੀ ਲਈ ਗਈ ਸੀ। ਪਰ ਅਸਲੀਅਤ ਕੀ ਹੈ ਇਸ ਬਾਰੇ ਨਿਤਾਰਾ ਹੋਣਾ ਬਾਕੀ ਹੈ . ਵਿਦੇਸ਼ੀ ਦੋਸ਼ੀ ਕੈਨੇਡਾ 'ਚ ਕਿੱਥੇ ਰਹਿੰਦਾ ਹੈ ਅਤੇ ਇਸ ਕਤਲ ਦਾ ਕੀ ਮਕਸਦ ਸੀ , ਇਹ ਸਾਰੇ ਸਵਾਲ ਅਜੇ ਖੜ੍ਹੇ ਹਨ .