ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੂ ਕੇ ਇਕਾਈ ਨੇ ਫਸਲਾਂ ਨੂੰ ਅੱਗ ਲਾਉਣ ਦੀ ਥਾਂ ਭੁੱਖਿਆਂ ਦਾ ਢਿੱਡ ਭਰਨ ਦਾ ਦਿੱਤਾ ਸੱਦਾ
ਲੰਡਨ (ਇੰਗਲੈਂਡ), 22 ਫਰਵਰੀ, 2021 : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੂ ਕੇ ਇਕਾਈ ਨੇ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਫਸਲਾਂ ਨੂੰ ਅੱਗ ਲਾਉਣ ਦੀ ਥਾਂ ਭੁੱਖਿਆਂ ਦਾ ਢਿੱਡ ਭਰਨ ਦਾ ਸੱਦਾ ਦਿੱਤਾ ਹੈ।
ਪਾਰਟੀ ਦੀ ਇਕਾਈ ਦੇ ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸਕੱਤਰ ਜਨਰਲ ਸਰਬਜੀਤ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਸਿੱਧੂ, ਚੀਫ ਔਰਗੇਨਾਈਜਰ ਭੁਪਿੰਦਰ ਸਿੰਘ ਜੌਹਲ, ਯੂਥ ਵਿੰਗ ਪ੍ਰਧਾਨ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ ਸਮੇਤ ਸਮੁੱਚੀ ਪਾਰਟੀ ਵੱਲੋਂ ਬਿਆਨ ਜਾਰੀ ਕਰਦੇ ਹੋਏ ਮੀਡੀਆ ਸਕੱਤਰ ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਬਰਨਾਲਾ ਵਿਖੇ ਦੇਸ਼ ਵਿਦੇਸ਼ ਤੋਂ ਪੁੱਜੇ ਲੱਖਾਂ ਦਾ ਬੇਮਿਸਾਲ ਇਕੱਠ ਹੋਇਆ ਹੈ।ਡਬਲਯੂ. ਟੀ. ੳ. ਦੀ ਬੇਸ਼ੱਕ ਸੰਧੀ ਵੀ ਹੋਵੇ ਪਰ ਲੋਕਤੰਤ੍ਰਿਕ ਭਾਵਨਾਵਾਂ ਦੀ ਕਦਰ ਕਰਦਿਆਂ ਅਜੇਹਿਆਂ ਸੰਧੀਆਂ ਰੱਦ ਵੀ ਕੀਤੀਆਂ ਜਾ ਸਕਦੀਆਂ ਹਨ। ਇੰਗਲੈਂਡ ਸਰਕਾਰ ਨੇ ਰਿਫਰੈਂਡਮ ਵਿੱਚ ਸਵਾ ਕੁ ਪ੍ਰਤੀਸ਼ਤ ਦੇ ਬਹੁਮਤ ਦੇ ਫੈਸਲੇ ਨੂੰ ਮੰਨਦਿਆਂ ਯੂਰਪੀ ਯੂਨੀਅਨ ਨੂੰ ਛੱਡ ਦਿੱਤਾ। ਅਮਰੀਕਾ ਦੇ ਨਾਲ ਵਪਾਰਕ ਸੰਧੀਆਂ ਵਿੱਚ ਨੈਸ਼ਨਲ ਹੈਲਥ ਸਰਵਿਸ ਆਦਿਕ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਪਰ ਲੋਕਤੰਤਰ ਦੀ ਸਹੀ ਅਰਥਾਂ ਵਿੱਚ ਪਾਲਣਾਂ ਕਰਨ ਨਾਲ ਹੀ ਇਹ ਜੀਵਤ ਰਹਿ ਸਕਦਾ ਹੈ, ਨਹੀਂ ਤਾਂ ਤਾਨਾਸ਼ਾਹੀ ਹਾਵੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਇਕੱਠ ਵਿੱਚ ਅਤੇ ਇਸ ਤੋਂ ਪਹਿਲਾਂ ਵੀ ਕਿਸਾਨ ਆਗੂਆਂ ਵੱਲੋਂ ਖੜ੍ਹੀ ਫਸਲ ਨੂੰ ਅੱਗ ਲਾਉਣ ਦੇ ਕੀਤੇ ਗਏ ਐਲਾਨ ਬਾਰੇ ਅਸੀਂ ਸਭ ਨੂੰ ਬੇਨਤੀ ਕਰਨਾਂ ਚਹੁੰਦੇ ਹਾਂ ਕਿ ਅਜਿਹਾ ਸੋਚਿਆ ਵੀ ਨਾ ਜਾਵੇ। ਕਿਸਾਨ ਲਈ ਫਸਲਾਂ ਔਲਾਦ ਦੀ ਤਰ੍ਹਾਂ ਹੁੰਦੀਆਂ ਹਨ ਜੇ ਕ੍ਰਾਂਤੀਕਾਰੀ ਐਲਾਨ ਕਰਨਾ ਹੀ ਹੈ ਤਾਂ ਮਜ਼ਦੂਰਾਂ ਨੂੰ ਕਹੋ ਆਓ ਫਸਲਾਂ ਪਾਲੋ ਅਤੇ ਭੁੱਖਿਆਂ ਦਾ ਢਿੱਡ ਭਰੋ।ਇਸ ਨਾਲ ਨਾ ਸਿਰਫ ਮਜ਼ਦੂਰ ਕਿਸਾਨ ਏਕਤਾ ਮਜ਼ਬੂਤ ਹੋਵੇਗੀ ਸਗੋ ਵਿਸ਼ਵ ਵਿਆਪੀ ਹਮਦਰਦੀ ਅਤੇ ਸਮਰਥਨ ਮਿਲੇਗਾ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਡੇਅਰੀ ਫਾਰਮ ਮਾਲਕਾਂ ਵਲੋਂ ਰੋਸ ਵਜੋਂ ਸੜਕਾਂ 'ਤੇ ਦੁੱਧ ਡੋਲ੍ਹਣ ਸਮੇਂ ਵੀ ਅਸੀਂ ਇਹੋ ਬੇਨਤੀ ਕੀਤੀ ਸੀ। ਪ੍ਰਧਾਨ ਸੂਬਾ ਸਿੰਘ ਲਿੱਤਰਾਂ, ਸਕੱਤਰ ਜਨਰਲ ਸਰਬਜੀਤ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਸਿੱਧੂ, ਚੀਫ ਔਰਗੇਨਾਈਜਰ ਭੁਪਿੰਦਰ ਸਿੰਘ ਜੌਹਲ, ਯੂਥ ਵਿੰਗ ਪ੍ਰਧਾਨ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ ਸਮੇਤ ਸਮੁੱਚੀ ਪਾਰਟੀ ਵੱਲੋਂ ਬਿਆਨ ਜਾਰੀ ਕਰਦੇ ਹੋਏ ਮੀਡੀਆ ਸਕੱਤਰ ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਕ ਕਿਸਾਨ ਆਗੂ ਨੇ ਮੁੱਖ ਮੰਤਰੀ ਪੰਜਾਬ ਤੋਂ ਅਸਤੀਫਾ ਦਿਵਾਉਣ ਦੀ ਗੱਲ ਵੀ ਕਹੀ ਪਰ ਅਫਸੋਸ ਕਿ ਇਸ ਸਮੇਂ ਗੈਰ ਬੀ. ਜੇ. ਪੀ. ਸੂਬਾ ਸਰਕਾਰਾਂ ਸਮੇਂ ਦੀ ਮਜਬੂਰੀ ਹੈ।
ਕੇਂਦਰ ਸਰਕਾਰ ਤਾਂ ਗਵਰਨਰੀ ਰਾਜ ਲਾਗੂ ਕਰਵਾ ਕੇ ਈ. ਵੀ. ਐਮ. ਦੀ ਕ੍ਰਿਪਾ ਨਾਲ ਚੋਣਾਂ ਕਰਵਾਉਣ ਦੇ ਮੌਕੇ ਦਾ ਸਵਾਗਤ ਕਰੇਗੀ, ਕਿਸੇ ਨੂੰ ਵੀ ਇਸ ਵਿੱਚ ਸਹਾਈ ਨਹੀਂ ਬਣਨਾ ਚਾਹੀਦਾ। ਹੋਂਦ ਦਾ ਸਵਾਲ ਬਣ ਚੁੱਕੀ ਸਥਿਤੀ ਵਿੱਚ ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਦਾ ਰੂਪ ਧਾਰਨ ਕਰ ਚੁੱਕੇ ਇਸ ਬੇਮਿਸਾਲ ਸੰਘਰਸ਼ ਵਿੱਚ ਹਕੂਮਤ ਹਰ ਹੀਲਾ ਹਰਬਾ ਵਰਤ ਕੇ ਫੇਲ੍ਹ ਕਰਨ ਵਿੱਚ ਅਸਫਲ ਰਹੀ ਹੈ। ਸਭ ਨੂੰ ਬੇਨਤੀ ਹੈ ਕਿ ਵਿਰੋਧੀ ਬਿਆਨਬਾਜੀ ਬੰਦ ਕਰਕੇ ਹੁਣ ਤੱਕ ਉਸ ਕਾਰਨ ਪੈਦਾ ਹੋਏ ਵਖਰੇਵਿਆਂ ਨੂੰ ਪੂਰਿਆ ਜਾਵੇ ਸਭ ਦਾ ਮਾਣ ਸਤਿਕਾਰ ਕਰਦੇ ਹੋਏ ਸਹਿਯੋਗ ਦਾ ਅਦਾਨ ਪ੍ਰਦਾਨ ਕਰਦੇ ਹੋਏ ਫਤਿਹ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇ।