ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 22 ਫਰਵਰੀ 2021-ਪਿੰਡ ਰੋੜਾਂਵਾਲੀ ਵਿਖੇ ਸਵੇਰ ਸਮੇਂ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ, ਜਿਸ ਤੋਂ ਬਾਅਦ ਥਾਣਾ ਸਦਰ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਾਏ ਬਿਆਨਾਂ ਵਿੱਚ ਪਿੰਡ ਰੋੜਾਂਵਾਲੀ ਦੇ ਜਸਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ 21 ਫ਼ਰਵਰੀ ਦੀ ਸਵੇਰੇ ਕਰੀਬ ਸਾਢੇ ਕੁ ਦਸ ਵਜੇ ਉਸਦੇ ਪਿਤਾ ਨੂੰ ਅਚਾਨਕ ਇੱਕ ਬਲੈਰੋ ਗੱਡੀ ਨੇ ਟੱਕਰ ਮਾਰੀ, ਗੱਡੀ ਦੀ ਸਪੀਡ ਤੇਜ਼ ਹੋਣ ਕਰਕੇ ਉਸਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਗੱਡੀ ਸਵਾਰ ਤੁਰੰਤ ਉਥੋਂ ਗੱਡੀ ਭਜਾ ਕੇ ਲੈ ਗਿਆ। ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਗੱਡੀ ਚਾਲਕ ਦੀ ਭਾਲ ਕਰ ਰਹੀ ਹੈ।