ਜਗਦੀਸ਼ ਥਿੰਦ
ਫਾਜ਼ਿਲਕਾ, 22 ਫਰਵਰੀ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫੌਜ਼ ਵਿਚ ਭਰਤੀ ਚੋਣ ਦੇ ਚਾਹਵਾਨਾਂ ਲਈ ਆਰਮੀ ਵੱਲੋਂ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਬਠਿੰਡਾ ਜ਼ਿਲ੍ਹਿਆਂ ਨਾਲ ਸਬੰਧਤ ਨੋਜਵਾਨਾ ਲਈ ਫਿਰੋਜ਼ਪੁਰ ਕੈਂਟ ਦੇ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿਖੇ 1 ਅਪ੍ਰੈਲ ਤੋਂ 20 ਅਪ੍ਰੈਲ 2021 ਤੱਕ ਆਰਮੀ ਰੈਲੀ ਕਰਵਾਈ ਜਾ ਰਹੀ ਹੈ ਜਿਸ ਲਈ ਚਾਹਵਾਨ ਨੋਜਵਾਨ 16 ਮਾਰਚ 2021 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਮੀ ਵੱਲੋਂ ਵੱਖ-ਵੱਖ ਕੈਟਾਗਰੀ ਨਾਲ ਸਬੰਧਤ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਸ ਵਿਚ ਸੋਲਜਰ ਜਨਰਲ ਡਿਉਟੀ ਜਿਸ ਵਿਚ ਨੋਜਵਾਨ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ, ਕੱਦ 170 ਸੈਂਟੀਮੀਟਰ, ਵਜਨ 52 ਕਿਲੋ, ਛਾਤੀ 77 ਸੈਂਟੀਮੀਟਰ ਬਿਨਾ ਫੁਲਾਏ ਤੇ 82 ਸੈਂਟੀਮੀਟਰ ਫੁਲਾ ਕੇ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਸੋਲਜਰ ਟੈਕਨੀਕਲ ਅਤੇ ਸੋਲਜਰ ਨਰਸਿੰਗ ਸਹਾਇਕ/ਨਰਸਿੰਗ ਸਹਾਇਕ ਵੈਟਰਨਰੀ ਜਿਸ ਲਈ ਉਮਰ ਸਾਢੇ 17 ਸਾਲ ਤੋਂ 23 ਸਾਲ ਤੱਕ, ਕੱਦ 170 ਸੈਂਟੀਮੀਟਰ, ਵਜਨ 52 ਕਿਲੋ, ਛਾਤੀ 77 ਸੈਂਟੀਮੀਟਰ ਬਿਨਾ ਫੁਲਾਏ ਤੇ 82 ਫੁਲਾ ਕੇ ਲਾਜ਼ਮੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸੋਲਜਰ ਕਲਰਕ/ਸਟੋਰ ਕੀਪਰ ਟੈਕਨੀਕਲ ਦੀ ਅਸਾਮੀ ਲਈ ਅਪਲਾਈ ਕਰਨ ਲਈ ਉਮਰ ਸਾਢੇ 17 ਸਾਲ ਤੋਂ 23 ਸਾਲ ਤੱਕ, ਕੱਦ 162 ਸੈਂਟੀਮੀਟਰ , ਵਜਨ 47 ਕਿਲੋ 200 ਗ੍ਰਾਮ, ਛਾਤੀ 77 ਸੈਂਟੀਮੀਟਰ ਬਿਨਾ ਫੁਲਾਏ ਤੇ 82 ਫੁਲਾ ਕੇ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਹਰੇਕ ਅਸਾਮੀ ਲਈ ਲੋੜੀਂਦੀ ਯੋਗਤਾ ਹੋਣੀ ਵੀ ਲਾਜ਼ਮੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਰੈਲੀ `ਚ ਆਉਣ ਸਮੇਂ ਉਮੀਦਵਾਰ ਬਿਨਾ ਤਸਦੀਕਸ਼ੁਦਾ 20 ਫੋਟੋਆਂ ਸਮੇਤ ਚਿੱਟੀ ਬੈਗਰਾਉਂਡ, ਸਿੱਖ ਉਮੀਦਵਾਰ 20 ਫੋਟੋਆਂ ਸਮੇਤ ਪਗੜੀ ਤੇ 20 ਫੋਟੋਆਂ ਬਿਨਾਂ ਪੱਗੜੀ, ਲੋੜੀਂਦੇ ਸਿਖਿਆ ਯੋਗਤਾ ਸਰਟੀਫਿਕੇਟ, ਪੰਜਾਬ ਰਾਜ ਸਰਟੀਫਿਕੇਟ, ਜਾਤੀ ਸਰਟੀਫਿਕੇਟ ਆਦਿ ਹੋਰ ਲੋੜੀਂਦੇ ਸਰਟੀਫਿਕੇਟ ਦੀਆਂ ਕਾਪੀਆਂ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ।ਇਸ ਤੋਂ ਉਮੀਦਾਵਰ ਕਰੋਨਾ ਦਾ ਟੈਸਟ ਕਰਵਾ ਕੇ ਕੋਵਿਡ-19 ਮੁਕਤ ਸਰਟੀਫਿਕੇਟ ਨਾਲ ਜਰੂਰ ਲੈ ਕੇ ਆਉਣਾ।ਉਨ੍ਹਾਂ ਉਮੀਦਵਾਰਾਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਨੋਕਰੀ ਲਵਾਉਣ ਦਾ ਝਾਂਸਾ ਦੇਣ ਵਾਲਿਆਂ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਫੌਜ਼ ਵਿਚ ਭਰਤੀ ਪੂਰੀ ਪਾਰਦਰਸ਼ਤਾ ਨਾਲ ਮੈਰਿਟ ਦੇ ਆਧਾਰ `ਤੇ ਹੁੰਦੀ ਹੈ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਇੰਡੀਅਨ ਆਰਮੀ ਦੀ ਵੈਬਸਾਇਟ www.joinindianarmy.nic.in `ਤੇ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ।