ਉਦਾਸ ਖ਼ਬਰ ! ਆਪਣੇ ਸਮਿਆਂ ਦੇ ਪ੍ਰਸਿੱਧ ਗਾਇਕ ਜਗਜੀਤ ਜ਼ੀਰਵੀ ਨਹੀਂ ਰਹੇ !
ਚੰਡੀਗੜ੍ਹ,22 ਫਰਵਰੀ,2021: ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਰਹੇ ਜਗਜੀਤ ਜ਼ੀਰਵੀ ਦਾ ਦੇਹਾਂਤ ਹੋ ਗਿਆ। ਜਗਜੀਤ ਜ਼ੀਰਵੀ ਨੇ 86 ਸਾਲ ਦੀ ਉਮਰ 'ਚ ਆਖਰੀ ਸਾਹ ਲਏ। ਜ਼ੀਰਵੀ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਨਾਲ ਸਬੰਧ ਰੱਖਦੇ ਸਨ। ਉਹਨਾਂ ਦੀ ਮੌਤ ਦੀ ਖਬਰ ਨਾਲ ਗਾਇਕੀ ਦੇ ਖੇਤਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਸਾਫ਼ ਸੁਥਰੀ ਗਾਇਕੀ ਦੇ ਪੇਸ਼ਕਾਰ ਜਗਜੀਤ ਸਿੰਘ ਜ਼ੀਰਵੀ ਦਾ ਜ਼ੀਰਾ ਵਿਖੇ ਦੇਹਾਂਤ ਹੋ ਗਿਆ ਹੈ। ਇਹ ਸੂਚਨਾ ਹੁਣੇ ਹੀ ਗੁਰਮੀਤ ਕੜਿਆਲਵੀ ਤੇ ਟੋਰੰਟੋ ਤੋਂ ਇਕਬਾਲ ਮਾਹਲ ਨੇ ਦਿੱਤੀ ਹੈ। 1935 ਚ ਜਨਮੇ ਜਗਜੀਤ ਜ਼ੀਰਵੀ ਨੇ ਲੰਮਾ ਸਮਾਂ ਸੁੱਚੇ ਸੁਥਰੇ ਗੀਤਾਂ ਨੂੰ ਸਮਰਪਿਤ ਭਾਵਨਾ ਨਾਲ ਗਾਇਆ। ਆਕਾਸ਼ਵਾਣੀ, ਦੂਰਦਰਸ਼ਨ ਤੇ ਰੀਕਾਰਡਜ਼ ਰਾਹੀਂ ਜ਼ੀਰਵੀ ਨੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਕੁਝ ਸਮਾਂ ਆਪਣੇ ਬੱਚਿਆਂ ਕੋਲ ਟੋਰਾਂਟੋ ਰਹਿ ਕੇ ਹੁਣ ਜ਼ੀਰਾ 'ਚ ਹੀ ਰਹਿੰਦੇ ਸਨ। ਪੰਜਾਬੀ ਗਾਇਕਾਵਾਂ ਸੁਰਿੰਦਰ ਕੌਰ, ਕੁਮਾਰੀ ਰੰਜਨਾ, ਰਾਜਿੰਦਰ ਰਾਜਨ ਨਾਲ ਵੀ ਉਨ੍ਹਾਂ ਦੇ ਦੋਗਾਣੇ ਰਿਕਾਰਡ ਹੋਏ। ਸ਼ਿਵ ਕੁਮਾਰ, ਸ ਮੀਸ਼ਾ, ਸੁਰਜੀਤ ਪਾਤਰ ਤੇ ਕਈ ਹੋਰ ਨਵੇਂ ਲੇਖਕਾਂ ਦਾ ਕਲਾਮ ਵੀ ਉਨ੍ਹਾਂ ਰੀਕਾਰਡ ਕਰਵਾਇਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਸ: ਜਗਜੀਤ ਸਿੰਘ ਜ਼ੀਰਵੀ ਦੇ ਦੇਹਾਂਤ ਤੇ ਡੂੰਘਾ ਅਫਸੋਸ ਪ੍ਰਗਟਾਉਂਦਿਆਂ ਕਿਹਾ ਹੈ ਕਿ ਜ਼ੀਰਵੀ ਜੀ ਨੇ ਸਾਲ 2002 ਚ ਟੋਰੰਟੋ ਵਿਖੇ ਇਕਬਾਲ ਮਾਹਲ ਦੀ ਅਗਵਾਈ ਚ ਰੱਖੇ ਮੇਰੇ ਸਨਮਾਨ ਸਮਾਗਮ ਚ ਮੇਰੀਆਂ ਗ਼ਜ਼ਲਾਂ ਗਾ ਕੇ ਮਾਹੌਲ ਨਾਲ ਮੇਰੀ ਸੁਰੀਲੀ ਵਾਕਫੀਅਤ ਕਰਵਾਈ ਸੀ।
ਇਕ ਸੀ ਜਗਜੀਤ ਜ਼ੀਰਵੀ
ਹੁਣੇ ਹੁਣੇ ਖਬਰ ਮਿਲੀ ਹੈ ਕਿ ਗ਼ਜ਼ਲ਼ ਤੇ ਕਲਾਸੀਕਲ ਗਾਇਕੀ ਦਾ ਸਮਰਾਟ ਜਗਜੀਤ ਜ਼ੀਰਵੀ ਚਲਾ ਗਿਆ ਹੈ। ਖਬਰ ਸੁਣਦਿਆਂ ਬਾਈ ਸਾਲ ਪਹਿਲਾਂ ਉਹਨਾਂ ਨਾਲ ਕੀਤੀ ਲੰਬੀ ਮੁਲਾਕਾਤ ਵੇਲੇ ਦਾ ਸਮਾਂ ਅੱਖਾਂ ਅੱਗੇ ਆ ਗਿਆ। ਉਦੋਂ ਅਸੀਂ ਰਾਬਤਾ ਮੈਗਜ਼ੀਨ ਸੰਪਾਦਿਤ ਕਰਦੇ ਹੁੰਦੇ ਸਾਂ। ਮੁਲਾਕਾਤ ਕਰਨ ਲਈ ਮੈਂ, ਜਸਵਿੰਦਰ ਰੱਤੀਆਂ ਅਤੇ ਬਲਤੇਜ ਕੜਿਆਲ, ਜਗਜੀਤ ਦੇ ਜ਼ੀਰੇ ਵਾਲੇ ਘਰ ਗਏ ਸਾਂ। ਕੋਈ ਪੰਜ ਘੰਟੇ ਦਾ ਸਮਾਂ ਪੰਜਾਂ ਮਿੰਟਾਂ ਵਾਂਗ ਲੰਘ ਗਿਆ ਸੀ। ਗੱਲਾਂ ਸਨ ਕਿ ਮੁਕਦੀਆਂ ਹੀ ਨਹੀਂ ਸਨ।
ਜਗਜੀਤ ਜ਼ੀਰਵੀ ਸਾਡੇ ਜ਼ੀਰੇ ਸ਼ਹਿਰ ਦਾ ਹੀ ਨਹੀਂ ਪੰਜਾਬੀ ਮਾਂ ਬੋਲੀ ਦਾ ਹੀ ਮਾਣ ਸੀ। ਨਵਾਂ ਜ਼ਮਾਨਾ ਦੇ ਐਡੀਟਰ ਇੰਚਾਰਜ ਰਹੇ ਸੁਰਜਨ ਜ਼ੀਰਵੀ ਦਾ ਛੋਟਾ ਭਰਾ ਸੀ। ਜਗਜੀਤ ਜ਼ੀਰਵੀ ਨੂੰ ਡੀ ਐਮ ਕਾਲਜ ਮੋਗਾ ਤੋਂ ਪੜਦਿਆਂ ਹੀ ਮਿਲਟਰੀ ਵਿੱਚ ਕਮਿਸ਼ਨ ਮਿਲ ਗਿਆ ਸੀ ਪਰ ਗਾਇਕੀ ਦੇ ਸ਼ੌਕ ਨੇ ਮਿਲਟਰੀ ਦੀ ਅਫਸਰੀ ਛੁਡਾ ਦਿੱਤੀ। ਉਹ ਕਿਸੇ ਰਹਿਮ ਦਿਲ ਅਫਸਰ ਦੀ ਕਿਰਪਾ ਸਦਕਾ ਮੈਡੀਕਲ ਅਨਫਿਟ ਹੋ ਕੇ ਪੈਨਸ਼ਨ ਲੈ ਘਰ ਆ ਗਿਆ। ਜ਼ੀਰਵੀ ਦੀ ਦਿਆਨਤਦਾਰੀ ਵੇਖੋ, ਉਸਨੇ ਇਹ ਪੈਨਸ਼ਨ ਜੇਬ 'ਚ ਨਹੀਂ ਪਾਈ। ਇਹ ਪੈਨਸ਼ਨ ਸਾਰੀ ਉਮਰ ਮਿਲਟਰੀ ਰੈਡ ਕਰਾਸ ਨੂੰ ਜਾਂਦੀ ਰਹੀ।
ਜਗਜੀਤ ਜ਼ੀਰਵੀ ਨੇ ਬਕਾਇਦਾ ਤਾਲੀਮ ਨਹੀਂ ਲਈ ਤੇ ਨਾਹੀਂ ਕਿਸੇ ਨੂੰ ਉਸਤਾਦ ਧਾਰਿਆ ਸੀ ਪਰ ਲਤਾ ਮੰਗੇਸ਼ਕਰ ਨੂੰ ਆਪਣਾ ਆਦਰਸ਼ ਮੰਨਦਾ ਰਿਹਾ। ਵੈਨਕੂਵਰ ਇਕ ਸਮਾਗਮ ਤੋਂ ਬਾਅਦ ਲਤਾ ਜੀ ਨੂੰ ਰਸਮ ਕਰਕੇ ਗੁਰੂ ਧਾਰ ਵੀ ਲਿਆ ਪਰ ਸਿੱਖਿਆ ਲੈਣ ਦਾ ਕਦੀ ਮੌਕਾ ਨਹੀਂ ਮਿਲਿਆ। ਉਹ ਅਸਲ ਉਸਤਾਦ ਕੁਦਰਤ ਨੂੰ ਮੰਨਦਾ ਸੀ।
ਜ਼ੀਰਵੀ ਰੇਡੀਓ ਤੋਂ ਫੋਕ ਅਤੇ ਗ਼ਜ਼ਲ਼ ਗਾਇਕੀ ਵਿੱਚ ਬੀ ਹਾਈ ਗਰੇਡ ਪਾਸ ਸੀ। ਕਲਾਸੀਕਲ ਸੰਗੀਤ ਉਸਦੀ ਰੂਹ ਦੀ ਖੁਰਾਕ ਸੀ। ਬਰਕਤ ਸਿੱਧੂ, ਪੂਰਨ ਸ਼ਾਹ ਕੋਟੀ ਦੇ ਨਾਲ ਨਾਲ ਉਹ ਗੁਲਾਮ ਅਲੀ ਖਾਂ ਨੂੰ ਆਪਣਾ ਪਸੰਦੀਦਾ ਗ਼ਜ਼ਲ਼ ਗਾਇਕ ਮੰਨਦਾ ਸੀ। ਗ਼ਜ਼ਲ਼ ਗਾਇਕੀ ਦੇ ਮਹਾਨ ਫਨਕਾਰ ਜਗਜੀਤ ਸਿੰਘ (ਜਗਜੀਤ ਸਿੰਘ ਚਿਤਰਾ ਸਿੰਘ) ਨੂੰ ਉਹ ਕਿਸੇ ਸਮੇਂ ਤੀਹ ਰੁਪਏ 'ਤੇ ਆਪਣੇ ਨਾਲ ਗਾਉਣ ਲਈ ਲਿਜਾਂਦਾ ਰਿਹਾ ਹੈ।
ਜਗਜੀਤ ਜ਼ੀਰਵੀ ਭਾਵੇਂ ਆਮ ਲੋਕਾਂ ਵਿੱਚ ਬਹੁਤਾ ਨਹੀਂ ਜਾਣਿਆ ਜਾਂਦਾ ਪਰ ਉਹ ਮਹਿਫ਼ਲਾਂ ਦਾ ਕਲਾਕਾਰ ਸੀ। ਉਹ ਬੌਧਿਕ ਤੇ ਉਚ ਕਲਾਸ ਲੋਕਾਂ ਵਿੱਚ ਬਹੁਤ ਮਕਬੂਲ ਸੀ। ਫਿਲਮਾਂ ਵਾਲਾ ਪ੍ਰਾਣ ਉਸਦਾ ਨੇੜਲਾ ਦੋਸਤ ਸੀ। ਜਗਜੀਤ ਜ਼ੀਰਵੀ ਨੂੰ ਰਾਸ਼ਟਰਪਤੀ ਭਵਨ ਵਿੱਚ ਗਾਉਣ ਲਈ ਬੁਲਾਇਆ ਜਾਂਦਾ। ਲੋਕ ਸਭਾ ਸਪੀਕਰ ਰਿਹਾ ਬਲਰਾਮ ਜਾਖੜ ਜਗਜੀਤ ਜ਼ੀਰਵੀ ਨੂੰ ਮਣਾ ਮੂੰਹੀ ਪਿਆਰ ਕਰਦਾ ਸੀ।
ਜ਼ੀਰਵੀ ਆਪਣੀ ਦਰਦ ਭਿੱਜੀ ਆਵਾਜ਼ ਵਿੱਚ ਸ਼ਿਵ ਕੁਮਾਰ ਨੂੰ ਗਾਉਂਦਾ ਸੀ ਤਾਂ ਭੁਲੇਖਾ ਲੱਗਦਾ ਜਿਵੇਂ ਖੁਦ ਸ਼ਿਵ ਆਪਣੀ ਪੀੜਾ ਸੁਣਾ ਰਿਹਾ ਹੋਵੇ। "ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ" ਗਾਉਂਦਾ ਗਾਉਂਦਾ ਗੀਤ ਨਾਲ ਗੀਤ ਹੀ ਹੋ ਜਾਂਦਾ। ਲਗਪਗ ਸਾਰਾ ਸ਼ਿਵ ਕੁਮਾਰ ਉਸਨੂੰ ਜ਼ੁਬਾਨੀ ਯਾਦ ਸੀ। ਸ਼ਿਵ ਕੁਮਾਰ ਨੂੰ ਗਾਉਂਦਿਆਂ ਤਾਂ ਰੂਹ 'ਚ ਹੀ ਉਤਰ ਜਾਂਦਾ। ਹਵਾ ਜਿਵੇਂ ਸਿਸਕੀਆਂ ਭਰਨ ਲੱਗਦੀ। ਦਰਦ ਬੋਲਾਂ ਥੀਂ ਵਹਿਣ ਲੱਗਦਾ। "ਤੂੰ ਵਿਦਾ ਹੋਇਓਂ ਮੇਰੇ ਦਿਲ 'ਤੇ ਉਦਾਸੀ ਛਾ ਗਈ" ਗਾਉਂਦਿਆਂ ਜਿਵੇਂ ਸ਼ਿਵ ਹੀ ਹੋ ਜਾਂਦਾ। ਆਪਣੀ ਕੋਹਾਂ ਦੂਰ ਜਾ ਵੱਸੀ ਮਹਿਬੂਬ ਨੂੰ ਆਵਾਜ਼ਾਂ ਮਾਰਦਾ।
ਜਗਜੀਤ ਜ਼ੀਰਵੀ ਦੀ ਗਾਇਕੀ ਦੀ ਬੌਧਿਕ ਹਲਕਿਆਂ 'ਚ ਪ੍ਰਵਾਨਗੀ ਦੀ ਇਕੋ ਉਦਾਹਰਨ ਦੇਣੀ ਕਾਫੀ ਹੋਵੇਗੀ। ਜਦੋਂ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਐਵਾਰਡ ਮਿਲਿਆ ਤਾਂ ਭਾਸ਼ਾ ਵਿਭਾਗ ਪੰਜਾਬ ਨੇ ਉਸਨੂੰ ਸਨਮਾਨਿਤ ਕਰਨ ਲਈ ਵਕਤ ਮੰਗਿਆ। ਅੱਗੋ ਅੰਮ੍ਰਿਤਾ ਪ੍ਰੀਤਮ ਜੀ ਨੇ ਸ਼ਰਤ ਰੱਖ ਦਿਤੀ ਕਿ ਜਗਜੀਤ ਜ਼ੀਰਵੀ ਕੋਲੋਂ ਮੇਰੇ ਦੋ ਤਿੰਨ ਗੀਤ ਗੁਆ ਦਿਓ--ਉਸ ਕੋਲੋਂ ਟਾਈਮ ਲੈ ਲਵੋ। ਜੋ ਟਾਈਮ ਉਸਨੇ ਦੇ ਦਿੱਤਾ ਮੈਂ ਆ ਜਾਵਾਂਗੀ। ਤੇ ਹੋਇਆ ਵੀ ਇਸੇ ਤਰ੍ਹਾਂ ਹੀ।
ਜਗਜੀਤ ਜ਼ੀਰਵੀ ਨੇ ਪੰਜਾਬੀ ਉਰਦੂ ਸ਼ਾਇਰੀ ਗਾਉਣ ਲਈ ਹੀ ਉਰਦੂ ਤੇ ਫਾਰਸੀ ਸਿੱਖੀ। ਗਾਲਿਬ, ਦਾਰ, ਸਾਹਿਰ ਲੁਧਿਆਣਵੀ, ਅਹਿਮਦ ਫਰਾਜ਼ ਅਤੇ ਸ਼ੌਕਤ ਵਰਗੇ ਵੱਡੇ ਤੇ ਮਹਾਨ ਸ਼ਾਇਰਾਂ ਨੂੰ ਗਾਇਆ। ਪੰਜਾਬੀ ਸ਼ਾਇਰ ਮੀਸ਼ੇ ਦਾ ਉਹ ਗੂੜ੍ਹਾ ਯਾਰ ਸੀ। ਉਸਦੀਆਂ ਗ਼ਜ਼ਲਾਂ --"ਤੇਰੇ ਪਿਆਰ ਦੇ ਪੱਤਰ ਮੈਂ, ਅਜੇ ਤੱਕ ਸਾਂਭ ਰੱਖੇ ਨੇ।" "ਅੱਧੀ ਰਾਤ ਪਹਿਰ ਦੇ ਤੜਕੇ, ਅੱਖੀਆਂ ਦੇ ਵਿੱਚ ਨੀਂਦਰ ਰੜਕੇ" "ਝਿਜਕਦਾ ਮੈਂ ਵੀ ਰਿਹਾ, ਉਹ ਵੀ ਬਹੁਤ ਸੰਗਦੇ ਰਹੇ--ਇਸ ਤਰ੍ਹਾਂ ਇਕ ਦੂਸਰੇ ਦੀ ਖੈਰ ਸੁੱਖ ਮੰਗਦੇ ਰਹੇ" ਅਤੇ "ਸ਼ਾਮ ਦੀ ਨਾ ਸਵੇਰ ਦੀ ਗੱਲ ਹੈ, ਵਕਤ ਦੇ ਹੇਰ ਫੇਰ ਦੀ ਗੱਲ ਹੈ" ਰਿਕਾਰਡ ਕਰਵਾਈਆਂ। ਉਦੋਂ ਐਲ ਪੀ ਰਿਕਾਰਡ ਦੇ ਰੂਪ 'ਚ ਤਵੇ ਆਉਂਦੇ ਸਨ।
ਜਗਜੀਤ ਜ਼ੀਰਵੀ ਦੀ ਗਾਈ ਗ਼ਜ਼ਲ "ਝਿਜਕਦਾ ਮੈਂ ਵੀ ਰਿਹਾ ਉਹ ਵੀ ਬਹੁਤ ਸੰਗਦੇ ਰਹੇ" ਰੇਡੀਓ ਤੋਂ ਬਹੁਤ ਸੁਣਦੇ ਰਹੇ ਹਾਂ। ਉਸਨੇ ਸੁਰਿੰਦਰ ਕੌਰ, ਰਾਜਿੰਦਰ ਰਾਜਨ ਵਰਗੀਆਂ ਗਾਇਕਾਵਾਂ ਨਾਲ ਬਹੁਤ ਪ੍ਰੋਗਰਾਮ ਕੀਤੇ। ਉਹ ਗਾਇਕਾਂ ਦਾ ਗਾਇਕ ਸੀ। ਵੱਡੇ ਵੱਡੇ ਕਲਾਕਾਰ ਤੇ ਰਾਗਾਂ ਦੇ ਮਾਹਰ ਜਗਜੀਤ ਜ਼ੀਰਵੀ ਦੇ ਪੈਰੀਂ ਹੱਥ ਲਾਉਂਦੇ ਸਨ। ਉਸਨੇ ਆਪਣੇ ਆਪ ਨੂੰ ਸੀਮਤ ਕਰੀ ਰੱਖਿਆ। ਉਹ ਪੜ੍ਹੇ ਲਿਖੇ ਲੋਕਾਂ ਦੀਆਂ ਮਹਿਫਲਾਂ 'ਚ ਹੀ ਗਾਉਂਦਾ ਰਿਹਾ। ਉਹ ਜ਼ੀਰੇ ਤੋਂ ਉਠ ਕੇ ਫਿਲਮ ਨਗਰੀ ਮੁੰਬਈ ਤੱਕ ਘੁੰਮਦਾ ਰਿਹਾ ਪਰ ਆਪਣੇ ਆਪ ਨੂੰ ਪਾਪੂਲਰ ਗਾਇਕੀ ਦੇ ਰਾਹ ਨਾ ਪਾਇਆ। ਉਹ ਦੇਸ਼ ਵਿਦੇਸ਼ ਘੁੰਮਦਾ ਰਿਹਾ। ਉਚ ਪੱਧਰੀ ਲੋਕਾਂ ਦੀਆਂ ਮਹਿਫਲਾਂ ਲਈ ਗਾਉਂਦਾ ਰਿਹਾ। ਰੇਡੀਓ ਤੋਂ ਗੀਤ ਗ਼ਜ਼ਲਾਂ ਰਿਕਾਰਡ ਹੁੰਦੀਆਂ ਰਹੀਆਂ। ਗ਼ਜ਼ਲ਼ ਗਾਇਕੀ ਦਾ ਕਿਸੇ ਵਕਤ ਬੇਤਾਜ ਬਾਦਸ਼ਾਹ ਸੀ। ਜਗਜੀਤ ਜ਼ੀਰਵੀ ਦੀ ਆਪਣੀ ਸ਼ੈਲੀ ਸੀ--ਆਪਣਾ ਰਾਹ ਸੀ। ਉਹ ਆਪਣੇ ਬਣਾਏ ਰਾਹਾਂ 'ਤੇ ਹੀ ਤੁਰਿਆ ਫਿਰਦਾ ਰਿਹਾ।
ਜਗਜੀਤ ਜ਼ੀਰਵੀ ਦੇ ਜਾਣ ਨਾਲ ਇਕ ਯੁੱਗ ਦਾ ਅੰਤ ਹੋਇਆ ਹੈ।
Gurmeet Karyalvi