ਬਾਬੂਸ਼ਾਹੀ ਬਿਊਰੋ
ਸੰਗਰੂਰ, 23 ਫਰਵਰੀ:
ਸਿਵਲ ਹਸਪਤਾਲ ਸੰਗਰੂਰ ਦੀ ਛੱਤ ’ਤੇ 50 ਲੱਖ ਰੁਪਏ ਦੀ ਲਾਗਤ ਨਾਲ ਲਾਏ ਗਏ 105 ਕਿਲੋਵਾਟ ਸਮਰੱਥਾ ਵਾਲੇ ਰੂਫ਼ਟਾਪ ਸੋਲਰ ਪਲਾਂਟ ਦਾ ਉਦਘਾਟਨ ਅੱਜ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਐਗਜੈਕਟਿਵ ਡਾਇਰੈਕਟਰ ਸ਼੍ਰੀ ਐਸ.ਕੇ. ਸੁਰ ਚੌਧਰੀ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਹ ਸੋਲਰ ਪਲਾਂਟ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਦਾ ਬਿਜਲੀ ਦਾ ਕੁੱਲ ਲੋਡ 400 ਕਿਲੋਵਾਟ ਦੇ ਕਰੀਬ ਹੈ ਅਤੇ ਸੌਰ ਊਰਜਾ ਨਾਲ ਚੱਲਣ ਵਾਲੇ ਇਸ ਪਲਾਂਟ ਦੇ ਚਾਲੂ ਹੋਣ ਨਾਲ ਹੁਣ ਹਸਪਤਾਲ ਦਾ ਬਿਜਲੀ ਦਾ ਬਿੱਲ ਲਗਭਗ 20 ਫੀਸਦ ਤੱਕ ਘੱਟ ਜਾਵੇਗਾ। ਉਨਾਂ ਕਿਹਾ ਕਿ ਸੂਰਜ ਦੀਆਂ ਕਿਰਨਾਂ ਨਾਲ ਬਿਜਲੀ ਪੈਦਾ ਹੋਣ ਨਾਲ ਹੁਣ ਜਿੱਥੇ ਬਿੱਲ ਵਿਚ ਕਟੌਤੀ ਹੋਵੇਗੀ ਉੱਥੇ ਹੀ ਸੌਰ ਊਰਜਾ ਵਾਤਾਵਰਨ ਨੂੰ ਵੀ ਸਾਫ਼ ਸੁਥਰਾ ਰੱਖਣ ਵਿਚ ਸਹਾਈ ਹੁੰਦੀ ਹੈ। ਉਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੀ.ਐਸ.ਯੂਜ਼. ਨੂੰ ਆਪਣੇ ਮੁਨਾਫ਼ੇ ’ਚੋਂ 2 ਫੀਸਦ ਹਿੱਸਾ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਫੰਡ ਵਜੋਂ ਸਮਾਜ ਸੇਵਾ ਲਈ ਵਰਤਣ ਵਾਸਤੇ ਕਾਨੂੰਨ ਬਣਾਇਆ ਸੀ ਜਿਸ ਸਦਕਾ ਲੋਕਾਂ ਦੀ ਭਲਾਈ ਦੇ ਅਜਿਹੇ ਕੰਮ ਅੱਜ ਨੇਪਰੇ ਚੜ ਰਹੇ ਹਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਲਗਾਤਾਰ ਪ੍ਰੋਗਰਾਮ ਉਲੀਕੇ ਗਏ ਹਨ ਜਿਨਾਂ ਸਦਕਾ ਸਿਹਤ, ਸਿੱਖਿਆ ਅਤੇ ਹੋਰਨਾਂ ਬੁਨਿਆਦੀ ਖੇਤਰਾਂ ’ਚ ਮਿਆਰੀ ਸੁਧਾਰ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸੰਗਰੂਰ ਹਲਕੇ ਦਾ ਵੀ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਵਿਕਾਸ ਪੱਖੋਂ ਸੰਗਰੂਰ ਪੰਜਾਬ ਦਾ ਸਭ ਤੋਂ ਮੋਹਰੀ ਹਲਕਾ ਬਣਕੇ ਉੱਭਰੇਗਾ। ਉਨਾਂ ਕਿਹਾ ਕਿ ਸੰਗਰੂਰ ਵਿਚ ਹੀ ਟਾਟਾ ਮੈਮੋਰੀਅਲ ਸੈਂਟਰ ਦੀ ਇੱਕ ਬਰਾਂਚ ਅਤੇ ਘਾਬਦਾਂ ਵਿਖੇ ਪੀ.ਜੀ.ਆਈ. ਵਿਖੇ ਮਰੀਜ਼ਾਂ ਨੂੰ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿਖੇ ਮੈਡੀਕਲ ਕਾਲਜ ਬਣਾਉਣ ਦੀ ਵੀ ਤਜਵੀਜ਼ ਹੈ ਜਿਸ ਲਈ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਐਗਜੈਕਟਿਵ ਡਾਇਰੈਕਟਰ ਸ਼੍ਰੀ ਐਸ.ਕੇ. ਸੁਰ ਚੌਧਰੀ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਡਾਇਰੈਕਟਰ ਇੰਫੋਟੈਕ ਸਤੀਸ਼ ਕਾਂਸਲ, ਵਾਇਸ ਚੇਅਰਮੈਨ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਮਹੇਸ਼ ਕੁਮਾਰ ਮੇਸ਼ੀ, ਐਸ.ਡੀ.ਐਮ. ਸੰਗਰੂਰ ਯਸ਼ ਪਾਲ ਸ਼ਰਮਾ, ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ, ਐਸ.ਐਮ.ਓ. ਡਾ. ਬਲਜੀਤ ਸਿੰਘ, ਪਰਮਿੰਦਰ ਸ਼ਰਮਾ, ਸੁਨੀਤਾ ਸ਼ਰਮਾ ਅਤੇ ਸ਼ਹਿਰ ਦੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।