ਹਰੀਸ਼ ਕਾਲੜਾ
- ਬਜਟ ਵਿੱਚ ਰੂਪਨਗਰ ਹਲਕੇ ਦੀਆਂ ਮੰਗਾਂ ਅਤੇ ਜਰੂਰਤਾਂ ਨੂੰ ਤਰਜੀਹ ਦੇਣ ਦੀ ਕੀਤੀ ਗਈ ਅਪੀਲ
ਰੂਪਨਗਰ, 23 ਫਰਵਰੀ 2021 - ਰੂਪਨਗਰ ਹਲਕੇ ਦੇ ਵਿਕਾਸ ਅਤੇ ਤਰੱਕੀ ਦੇ ਹੋਰ ਰਸਤੇ ਖੋਲਣ ਦੇ ਲਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰ ਕਈ ਯੋਜਨਾਵਾਂ ਤੇ ਵਿਚਾਰ ਚਰਚਾ ਕੀਤੀ ਗਈ।ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਆਉਣ ਵਾਲੇ ਬਜਟ ਸ਼ੇਸ਼ਨ ਵਿੱਚ ਰੂਪਨਗਰ ਹਲਕੇ ਦੀਆ ਮੰਗਾਂ ਨੂੰ ਤਰਜੀਹ ਦੇਣ ਦੇ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਭਰੋਸਾ ਦਿੱਤਾ ਹੈ।ਉਨਾਂ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਹੋਈ ਇਸ ਮੁਲਾਕਾਤ ਦੌਰਾਨ ਰੂਪਨਗਰ ਸ਼ਹਿਰ ਦੇ ਬੱਸ ਅੱਡੇ ਦਾ ਮੁੱਦਾ ਪ੍ਰਮੁੱਖਤਾ ਦੇ ਨਾਲ ਰੱਖਿਆ ਗਿਆ ਤੇ ਬੱਸ ਅੱਡੇ ਲਈ ਸਬੰਧਤ ਜਮੀਨ ਦੀ ਸਥਿਤੀ ਦੱਸਦਿਆਂ ਇਸਦੇ ਲਈ ਫੰਡ ਨਿਰਧਾਰਿਤ ਕਰਨ ਦੀ ਮੰਗ ਕੀਤੀ ਗਈ।
ਉਨਾਂ ਦੱਸਿਆ ਕਿ ਰੂਪਨਗਰ ਦਾ ਦਿਲ ਅਤੇ ਸ਼ਾਨ ਮੰਨੇ ਜਾਂਦੇ ਬੋਟ ਕਲੱਬ ਨੂੰ ਵੀ ਸੁਰਜੀਤ ਕਰਨ ਦੀ ਮੰਗ ਰੱਖੀ ਗਈ ਹੈ।ਢਿੱਲੋਂ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਬੋਟ ਕਲੱਬ ਦਾ ਨਾਮੋ ਨਿਸ਼ਾਨ ਤੱਕ ਖਤਮ ਕਰ ਦਿੱਤਾ ਪਰ ਕਾਂਗਰਸ ਸਰਕਾਰ ਦੇ ਸਮੇਂ ਇਸ ਸਥਾਨ ਨੂੰ ਦੁਬਾਰਾ ਆਬਾਦ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਹੁਣ ਇਥੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਜਦ ਕਿ ਬੋਟ ਕਲੱਬ ਸਥਾਨ ਨੂੰ ਦੁਬਾਰਾ ਆਬਾਦ ਹੁੰਦਾ ਦੇਖ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਉਨਾਂ ਕਿਹਾ ਕਿ ਇਥੇ ਬੋਟ ਕਲੱਬ ਦੇ ਨਾਲ ਨਾਲ ਪਾਣੀ ਦੀਆਂ ਖੇਡਾਂ ਦਾ ਕੇਂਦਰ ਸਥਾਪਿਤ ਕਰਨ ਦੀ ਮੰਗ ਵੀ ਰੱਖੀ ਗਈ ਹੈ।
ਢਿੱਲੋਂ ਨੇ ਦੱਸਿਆ ਕਿ ਹਲਕੇ ਦਾ ਇੱਕ ਅਹਿਮ ਤੇ ਵੱਡਾ ਹਿੱਸਾ ਨੂਰਪੁਰਬੇਦੀ ਦਾ ਹੈ ਜੋ ਕਿ ਪਹਾੜੀ ਇਲਾਕੇ ਦਾ ਪੱਛੜਿਆ ਹੋਇਆ ਖੇਤਰ ਹੈ।ਉਨਾਂ ਕਿਹਾ ਕਿ ਜੰਗਲਾਂ ਨਾਲ ਘਿਰੇ ਤੇ ਸਤਲੁੱਜ ਦਰਿਆ ਕਿਨਾਰੇ ਵਸੇ ਇਸ ਪੱਛੜੇ ਇਲਾਕੇ ਵੱਲ ਪਿਛਲੀ ਸਰਕਾਰ ਨੇ ਕੋਈ ਖਾਸ ਧਿਆਨ ਨਹੀਂ ਦਿੱਤਾ ਤੇ ਇਹ ਇਲਾਕਾ ਮੁਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਹੈ।ਉਨਾ ਕਿਹਾ ਕਿ ਇਸ ਇਲਾਕੇ ਦੇ ਹਸਪਤਾਲ ਅਤੇ ਕਾਲਜ ਵਿੱਚ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆ ਜਾਣ ਤੇ 128 ਪਿੰਡਾਂ ਦੇ ਇਸ ਵੱਡੇ ਇਲਾਕੇ ਨੂਰਪੁਰਬੇਦੀ ਦੇ ਪ੍ਰਬੰਧਕੀ ਬਲਾਕ ਲਈ ਫੰਡ ਮੁਹੱਈਆ ਕਰਵਾਏ ਜਾਣ।ਉਨਾ ਕਿਹਾ ਕਿ ਇਸ ਇਲਾਕੇ ਵਿੱਚ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਤੇ ਇਸ ਸੰਕਟ ਕਾਰਨ ਖੇਤੀ ਬਾੜੀ ਦੇ ਵਸੀਲੇ ਵੀ ਘੱਟਦੇ ਜਾ ਰਹੇ ਜਦ ਕਿ ਇਲਾਕੇ ਦੀ ਨੋਜਵਾਨ ਪੀੜੀ ਨੂੰ ਨੋਕਰੀਆਂ ਦੀ ਵੱਡੀ ਜਰੂਰਤ ਹੈ।
ਉਨਾ ਕਿਹਾ ਕਿ ਕੁਦਰਤੀ ਸੁਹੱਪਣ ਕਰਕੇ ਇਸ ਇਲਾਕੇ ਵਿੱਚ ਸੈਰ ਸਪਾਟਾ ਉਦਿਯੋਗ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਜਿਸ ਦਾ ਕੇਵਲ ਇਸ ਇਲਾਕੇ ਨੂੰ ਹੀ ਨਹੀਂ ਸਾਰੇ ਸੂਬੇ ਨੂੰ ਫਾਇਦਾ ਮਿਲੇਗਾ।ਬਰਿੰਦਰ ਢਿੱਲੋਂ ਨੇ ਵਿੱਤ ਮੰਤਰੀ ਅੱਗੇ ਘਨੌਲੀ ਤੋਂ ਹਿਮਾਚਲ ਪ੍ਰਦੇਸ਼ ਜਾਂਦੀ ਸੜਕ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਰੱਖਿਆ ਤੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ,ਰੂਪਨਗਰ ਤੇ ਸ਼੍ਰੀ ਚਮਕੋਰ ਸਾਹਿਬ ਇਲਾਕੇ ਦੇ ਹਿਮਾਚਲ ਪ੍ਰਦੇਸ਼ ਵਿੱਚ ਕੰਮ ਕਾਰ ਲਈ ਜਾਣ ਵਾਲੇ ਲੋਕਾਂ ਨੂੰ ਇਸ ਨਾਲ ਵੱਡੀ ਸਹੂਲਤ ਮਿਲੇਗੀ।ਢਿੱਲੋਂ ਵੱਲੋਂ ਪੁਰਖਾਲੀ ਤੋਂ ਚੰਡੀਗੜ ਜਾਂਦੀ ਸੜਕ ਤੇ ਇਥੋਂ ਦੇ ਪੁਲ ਦੀ ਉਸਾਰੀ ਨਾਂ ਹੋਣ ਦਾ ਮਸਲਾ ਵੀ ਚੁੱਕਿਆ ਗਿਆ ਤੇ ਇਸਤੇ ਗੰਭੀਰਤਾ ਦਿਖਾਉਣ ਦੀ ਮੰਗ ਕੀਤੀ।
ਉਨਾਂ ਕਿਹਾ ਕਿ ਇਤਿਹਾਸਿਕ ਤੇ ਸੱਭਿਆਚਾਰਕ ਪੱਖ ਤੋਂ ਰੂਪਨਗਰ ਦੀ ਭਾਵਨਾਵਾਂ ਪੰਜਾਬ ਜਾਂ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਨਹੀਂ ਹੋ ਸਕੀਆ ਹਨ ਤੇ ਇਥੋਂ ਦੀ ਇਤਿਹਾਸਿਕ ਮੁਹੱਤਤਾ ਨੂੰ ਦੇਖਦੇ ਲਈ ਇਸ ਨੂੰ ਹੋਰ ਵਿਕਸਿਤ ਕਰਨਾ ਸਮੇਂ ਦੀ ਜਰੂਰਤ ਹੈ।ਉਨਾਂ ਕਿਹਾ ਕਿ ਚੰਡੀਗੜ ਦੇ ਨਜਦੀਕ ਹੋਣ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਲਈ ਇਥੇ ਸਭ ਤੋਂ ਵਧੀਆ ਵਾਤਾਵਰਣ ਉਪਲੱਬਧ ਕਰਵਾਇਆ ਜਾ ਸਕਦਾ ਹੈ।ਬਰਿੰਦਰ ਸਿੰਘ ਢਿੱਲੋਂ ਨੇ ਹਲਕੇ ਦੀਆ ਇਨਾਂ ਸਾਰੀਆਂ ਮੰਗਾਂ ਤੇ ਸਮੱਸਿਆਵਾਂ ਪ੍ਰਤੀ ਗੰਭੀਰਤਾ ਦਿਖਾਉਣ ਦੀ ਅਪੀਲ ਕਰਦਿਆ ਆਉਣ ਵਾਲੇ ਬਜਟ ਵਿੱਚ ਰੂਪਨਗਰ ਹਲਕੇ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਰੱਖੀ ਹੈ।
ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਪ੍ਰਤੀ ਸੰਜੀਦਗੀ ਦਿਖਾਈ ਹੈ ਤੇ ਉਨਾਂ ਨੂੰ ਪੂਰੀ ਆਸ ਤੇ ਉਮੀਦ ਹੈ ਕਿ ਜੋ ਕੰਮ ਪਿਛਲੀ ਸਰਕਾਰ ਦੀ ਸੋਚ ਤੋਂ ਵੀ ਦੂਰ ਸਨ ਉਹ ਕੰਮ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਮੋਜੂਦਾ ਪੰਜਾਬ ਸਰਕਾਰ ਵੱਲੋਂ ਇਥੇ ਕਰਵਾਏ ਜਾਣਗੇ।ਢਿੱਲੋਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਨੇਤਾਵਾ ਵੱਲੋਂ ਹਲਕੇ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ ਗਿਆ ਜਦ ਕਿ ਮੋਜੂਦਾ ਸਰਕਾਰ ਵੱਲੋਂ ਲੋਕ ਦਿਖਾਵਾ ਕਰਨ ਦੀ ਬਜਾਏ ਕੰਮ ਕਰਕੇ ਦਿਖਾਏ ਜਾ ਰਹੇ ਹਨ।