- ਸਮਾਰਟ ਤਕਨੀਕ ਨਾਲ ਮਿਆਰੀ ਸਿਖਲਾਈ ਲੈਣਗੇ ਅਧਿਆਪਕ
- 13.12 ਕਰੋੜ ਰੁਪਏ ਖਰਚੇ ਜਾ ਰਹੇ ਹਨ 150 ਸਮਾਰਟ ਸਿਖਲਾਈ ਕੇਂਦਰਾਂ 'ਤੇ
ਐਸ.ਏ.ਐਸ. ਨਗਰ 23 ਫਰਵਰੀ 2021 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੂਰਦਰਸ਼ੀ ਸੋਚ ਅਤੇ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਪੰਜਾਬ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਬਨਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਜ਼ਿਲਿ੍ਹਆਂ ਵਿੱਚ ਮਿਆਰੀ ਅਤੇ ਸਮਾਰਟ ਤਕਨੀਕ ਨਾਲ ਸਿੱਖਣ-ਸਿਖਾਉਣ ਵਿਧੀਆਂ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਸਮਾਰਟ ਸਿਖਲਾਈ ਕੇਂਦਰ ਤਿਆਰ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸਕੂਲ ਸਿੱਖਿਆ ਨੇ ਕਿਹਾ ਕਿ ਪੰਜਾਬ ਅੰਦਰ 150 ਸਮਾਰਟ ਸਿਖਲਾਈ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਸਮਾਰਟ ਸਿਖਲਾਈ ਕੇਂਦਰਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਪ੍ਰੋਜੈਕਟਰ, ਮਿਆਰੀ ਦਰਜੇ ਦਾ ਫ਼ਰਨੀਚਰ, ਆਧੁਨਿਕ ਸਾਉਂਡ ਸਿਸਟਮ ਅਤੇ ਲੋੜੀਂਦੀ ਸਹਾਇਕ ਸਮੱਗਰੀ ਉਪਲਬਧ ਕਰਵਾਈ ਗਈ ਹੈ। ਅਧਿਆਪਕਾਂ ਦੇ ਸਿਖਲਾਈ ਸੈਸ਼ਨਾਂ ਦੀ ਅੱਜਕੱਲ ਮਹੱੱਤਤਾ ਵੀ ਵਧ ਗਈ ਹੈ ਕਿਉਂਕਿ ਵਿਦਿਆਰਥੀਆਂ ਨੂੰ ਸਮਾਰਟ ਤਕਨੀਕਾਂ ਨਾਲ ਪੜ੍ਹਾਉਣ ਲਈ ਸਕੂਲਾਂ ਵਿੱਚ ਪ੍ਰੋਜੈਕਟਰ ਅਤੇ ਈ-ਕੰਟੈਂਟ ਦੀ ਵਰਤੋਂ ਕੀਤੀ ਜਾਂਦੀ ਹੈ।
ਅਧਿਆਪਕਾਂ ਵਿੱਚ ਸਿਖਲਾਈ ਸਮੇਂ ਸਮਾਰਟ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਉਹ ਬੇਝਿਜਕ ਇਹਨਾਂ ਦੀ ਵਰਤੋਂ ਕਰਨ ਲਈ ਸਿਖਲਾਈ ਲੈ ਸਕਣ। ਇਸਦੇ ਨਾਲ ਹੀ ਵਿਭਾਗ ਵੱਲੋਂ ਸਟੇਟ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਵੀ ਅਧਿਆਪਕ ਸਿਖਲਾਈ ਮਾਡਿਊਲ ਅਤੇ ਕੰਟੈਂਟ ਵੀ ਪਾਵਰ-ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਦਰਸਾਉਂਦੇ ਹਨ ਜਿਸ ਲਈ ਸਿਖਲਾਈ ਕੇਂਦਰ ਦਾ ਸਮਾਰਟ ਹੋਣਾ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਅਧਿਆਪਕ ਬਹੁਤ ਹੀ ਜਿਆਦਾ ਰੁਚੀ ਦਿਖਾ ਕੇ ਇਹਨਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਹਨ। ਇਹਨਾਂ ਸਮਾਰਟ ਸਿਖਲਾਈ ਕੇਂਦਰਾਂ ਦੇ ਸਾਕਾਰਾਤਮਕ ਪ੍ਰਭਾਵ ਭਵਿੱਖ ਵਿੱਚ ਦੇਖਣ ਲਈ ਮਿਲਣਗੇ।
ਜ਼ਿਲ੍ਹਾ ਗੁਰਦਾਸਪੁਰ 'ਚ 18, ਹੁਸ਼ਿਆਰਪੁਰ ਵਿੱਚ 16, ਲੁਧਿਆਣਾ 'ਚ 13, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ 'ਚ 10-10, ਸੰਗਰੂਰ 'ਚ 8, ਫਿਰੋਜ਼ਪੁਰ 'ਚ 7, ਕਪੂਰਥਲਾ, ਐੱਸ.ਏ.ਐੱਸ. ਨਗਰ ਅਤੇ ਤਰਨਤਾਰਨ 'ਚ 6-6, ਬਠਿੰਡਾ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ ਅਤੇ ਸ.ਭ.ਸ. ਨਗਰ 'ਚ 5-5, ਮਾਨਸਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ 'ਚ 4-4, ਫਰੀਦਕੋਟ ਅਤੇ ਰੂਪਨਗਰ 'ਚ 3-3 ਅਤੇ ਬਰਨਾਲਾ 'ਚ 2, ਸਮਾਰਟ ਸਿਖਲਾਈ ਕੇਂਦਰ ਬਣਾਏ ਜਾ ਰਹੇ ਹਨ।