← ਪਿਛੇ ਪਰਤੋ
ਅਮਰੀਕਾ : ਸੈਕਰਾਮੈਂਟੋ ਦੇ 7/11 ਸਟੋਰ ਤੇ ਪੰਜਾਬੀ ਕਲਰਕ ਦੀ ਲੁੱਟ ਖੋਹ ਦੌਰਾਨ ਮੌਤ ਗੁਰਿੰਦਰਜੀਤ ਨੀਟਾ ਮਾਛੀਕੇ ਸੈਕਰਾਮੈਂਟੋ (ਕੈਲੀਫੋਰਨੀਆਂ) 24 ਫ਼ਰਵਰੀ 2021 ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ ਸਾਊਥਲੈਂਡ ਪਾਰਕ ਏਰੀਏ ਵਿੱਚ ਸੋਮਵਾਰ ਸਵੇਰੇ 7/11 ਸਟੋਰ ਦੇ ਕਲਰਕ ਦੀ ਲੁੱਟ-ਖੋਹ ਦੌਰਾਨ ਹੋਈ ਮੌਤ ਦੀ ਖ਼ਬਰ ਨੇ ਕੈਲੀਫੋਰਨੀਆਂ ਦੇ ਪੰਜਾਬੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ, ਕਿਉਂਕਿ ਮਰਨ ਵਾਲਾ ਕਲਰਕ 31 ਸਾਲਾ ਗੁਰਪ੍ਰੀਤ ਸਿੰਘ ਪੰਜਾਬੀ ਮੂਲ ਦਾ ਮਿਹਨਤਕਸ਼ ਚੋਬਰ ਸੀ। ਜਾਣਕਾਰੀ ਮੁਤਾਬਿਕ ਸੋਮਵਾਰ ਸਵੇਰੇ 3: 23 ਵਜੇ, ਸੈਕਰਾਮੈਂਟੋ ਪੁਲਿਸ ਨੂੰ “ਸ਼ੱਕੀ ਹਾਲਾਤਾਂ” ਦੀ ਰਿਪੋਰਟ ਇੱਕ ਸਟੋਰ ਦੇ ਗਾਹਕ ਵੱਲੋਂ ਦਿੱਤੀ ਗਈ। ਇਹ ਸਟੋਰ ਸੈਕਰਾਮੈਂਟੋ ਦੇ 43 ਐਵੀਨਿਊ ਦੇ 1100 ਬਲਾਕ ਵਿੱਚ ਪੈਂਦਾ ਹੈ। ਜਦੋਂ ਗਾਹਕ ਸਟੋਰ ਵਿੱਚ ਵੜਿਆ ਤਾਂ ਉਸਨੇ ਕਲਰਕ ਗੁਰਪ੍ਰੀਤ ਸਿੰਘ ਨੂੰ ਗੰਭੀਰ ਜਖਮੀ ਹਾਲਤ ਵਿੱਚ ਫ਼ਰਸ਼ ਤੇ ਡਿੱਗੇ ਨੂੰ ਵੇਖਿਆ ਅਤੇ ਤੁਰੰਤ ਪੁਲਿਸ ਨੂੰ ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੇਤੀ। ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਦੇ ਪੈਰਾਮੈਡਿਕਸ ਗੁਰਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਲੈ ਗਏ ਜਿੱਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਅਤੇ ਉਹਨਾਂ ਪਬਲਿਕ ਨੂੰ ਇਸ ਘਟਨਾਂ ਸਬੰਧੀ ਜਾਣਕਾਰੀ ਦੇਣ ਲਈ ਸੈਕਰਾਮੈਂਟੋ ਪੁਲਿਸ ਨੂੰ (916) 808-5471 or Sacramento Valley Crime Stoppers at (916) 443-HELP (4357) ਤੇ ਕਾਲ ਕਰਨ ਲਈ ਬੇਨਤੀ ਕੀਤੀ ਹੈ। ਗੁਰਪ੍ਰੀਤ ਸਿੰਘ ਨੂੰ ਯਾਦ ਕਰਦਿਆਂ ਸਟੋਰ ਗਾਹਕ 7/11 ਸਟੋਰ ਦੇ ਦਰਵਾਜ਼ੇ ਅੱਗੇ ਫੁੱਲ ਰੱਖ ਸੇਜਲ ਅੱਖਾਂ ਨਾਲ ਗੁਰਪ੍ਰੀਤ ਨੂੰ ਯਾਦ ਕਰਦੇ ਆਖਦੇ ਹਨ ਕਿ ਸਿੰਘ ਬਹੁਤ ਮਿਹਨਤੀ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਨਰਮ ਸੁਭਾਅ ਦਾ ਇਨਸਾਨ ਸੀ। ਗੁਰਪ੍ਰੀਤ ਸਿੰਘ ਦੀ ਯਾਦ ਵਿੱਚ 7/11 ਸਟੋਰ ਮਾਲਕ ਨੇ ਇੱਕ ਦਿਨ ਲਈ ਆਪਣਾ ਸਟੋਰ ਬੰਦ ਰੱਖਿਆ। ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪੰਜ ਸਾਲਾ ਬੇਟੀ ਤੇ ਪਤਨੀ ਛੱਡ ਗਏ ਨੇ, ਜਿਹੜੇ ਕਿ ਇੰਡੀਆ ਵਿੱਚ ਰਹਿ ਰਹੇ ਹਨ। ਸੂਤਰਾਂ ਮੁਤਾਬਕ ਗੁਰਪ੍ਰੀਤ ਸਿੰਘ ਮਹਿਜ਼ ਦੋ ਸਾਲ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਆਇਆ ਸੀ। ਮ੍ਰਿਤਕ ਗੁਰਪ੍ਰੀਤ ਸਿੰਘ ਦਾ ਪਿਛਲਾ ਪਿੰਡ ਹਲਕਾ ਖੰਨਾ ਵਿੱਚ ਪਿੰਡ ਚਕੋਹੀ ਹੈ ਅਤੇ ਉਹ ਜਸਵੰਤ ਸਿੰਘ ਦੇ ਲੱਖ਼ਤੇ ਜਿੱਗਰ ਦੱਸੇ ਜਾ ਰਹੇ ਹਨ।
Total Responses : 193