ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 24 ਫਰਵਰੀ 2021 - ਟੈਕਸਾਸ ਸੂਬੇ ਵਿੱਚ ਪਿਛਲੇ ਹਫਤੇ ਹਿਊਸਟਨ ਨੇੜੇ ਬਰਫੀਲੇ ਤੂਫਾਨ ਕਾਰਨ ਬੰਦ ਹੋਈ ਬਿਜਲੀ ਕਰਕੇ, ਘਰ ਨੂੰ ਗਰਮ ਰੱਖਣ ਦੀ ਕੋਸ਼ਿਸ਼ ਵਿੱਚ ਲੱਗੀ ਅੱਗ ਨੇ ਇੱਕ ਦਾਦੀ ਮਾਂ ਸਮੇਤ ਉਸਦੀਆਂ ਤਿੰਨ ਪੋਤੀਆਂ ਦੀ ਜਾਨ ਲੈ ਲਈ ਹੈ। ਇਸ ਦਰਦਨਾਕ ਘਟਨਾ ਦੇ ਸੰਬੰਧ ਵਿੱਚ ਸ਼ੂਗਰ ਲੈਂਡ ਸ਼ਹਿਰ ਦੇ ਬੁਲਾਰੇ ਡੱਗ ਐਡੋਲਫ਼ ਅਨੁਸਾਰ ਫਾਇਰ ਫਾਈਟਰਜ਼ 16 ਫਰਵਰੀ ਨੂੰ ਰਾਤ 2 ਵਜੇ ਦੇ ਕਰੀਬ ਇਸ ਐਮਰਜੈਂਸੀ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਜੈਕੀ ਫਾਮ ਨਗਯੇਨ ਨਾਮਕ ਮਹਿਲਾ ਦੇ ਘਰ ਪਹੁੰਚੇ, ਜਿਸਨੂੰ ਕਿ ਅੱਗ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ।
ਇਸ ਦੌਰਾਨ ਇਹ ਮਹਿਲਾ ਜਿਸ ਦੀਆਂ ਤਿੰਨ ਬੱਚੀਆਂ ਘਰ ਅੰਦਰ ਸਨ, ਨੂੰ ਘਰ ਅੰਦਰ ਜਾਣੋ ਰੋਕ ਕੇ ਰੱਖਿਆ ਗਿਆ। ਇਸ ਘਰ ਨੂੰ ਲੱਗੀ ਅੱਗ ਨੂੰ ਬੁਝਾਉਣ ਤੋਂ ਬਾਅਦ ਅੱਗ ਬੁਝਾਊ ਅਮਲੇ ਨੂੰ ਘਰ ਅੰਦਰੋਂ ਤਿੰਨ ਬੱਚਿਆਂ ਸਮੇਤ ਉਨ੍ਹਾਂ ਦੀ ਦਾਦੀ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਸ ਹਾਦਸੇ ਸੰਬੰਧੀ ਐਡੋਲਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਫੀਲੇ ਮੌਸਮ ਦੌਰਾਨ ਇਹ ਘਰ ਬਿਜਲੀ ਤੋਂ ਬਿਨਾਂ ਰਹਿ ਰਿਹਾ ਸੀ ਅਤੇ ਇਸ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਠੰਢ ਵਿੱਚ ਨਿੱਘੇ ਰਹਿਣ ਲਈ ਆਪਣੇ ਫਾਇਰ ਪਲੇਸ ਨੂੰ ਜਗਾਉਣ ਦੀ ਗੱਲ ਕੀਤੀ ਸੀ।
ਹਾਲਾਂਕਿ,ਐਡੋਲਫ ਅਨੁਸਾਰ ਇਸਦੇ ਇਲਾਵਾ ਵੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਅਗਨੀਕਾਂਡ ਵਿੱਚ ਮਰਨ ਵਾਲੀਆਂ ਤਿੰਨ ਬੱਚੀਆਂ ਦੀ ਉਮਰ 11,8 ਅਤੇ 5 ਸਾਲ ਸੀ। ਇਸ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਗੋ ਫੰਡ ਮੀ ਰਾਹੀ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਸੀ ,ਜਿਸਦੇ ਤਹਿਤ ਸ਼ੁੱਕਰਵਾਰ ਸ਼ਾਮ ਤੱਕ ਹਜ਼ਾਰਾਂ ਡਾਲਰ ਇਕੱਠੇ ਕੀਤੇ ਗਏ ਅਤੇ ਇਸ ਸਹਾਇਤਾ ਲਈ ਬੱਚੀਆਂ ਦੀ ਮਾਂ ਨੇ ਦਾਨੀਆਂ ਦਾ ਧੰਨਵਾਦ ਕੀਤਾ ਹੈ।