ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ 2021-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਇਸੇ ਰੋਸ ਦੇ ਚੱਲਦਿਆਂ ਜ਼ਿਲ੍ਹੇ ਦੇ ਪਿੰਡ ਪੱਕੀ ਟਿੱਬੀ ਦੇ ਕਿਸਾਨ ਮਹਿਮਾ ਸਿੰਘ ਨੇ ਆਪਣੇ ਖੇਤ ’ਚ ਖੜ੍ਹੀ 3 ਏਕੜ ਕਣਕ ਦੀ ਫ਼ਸਲ ਨੂੰ ਟਰੈਕਟਰ ਨਾਲ ਵਾਹ ਦਿੱਤਾ ਹੈ। ਇਹ ਫਸਲ ਇੱਕ ਮਹੀਨੇ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਸੀ। ਕਿਸਾਨ ਮਹਿਮਾ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਉਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਹਨ ਅਤੇ ਜਿਸ ਤਰ੍ਹਾਂ ਦਾ ਫੈਸਲਾ ਅੱਗੇ ਜਥੇਬੰਦੀਆ ਲੈਣਗੀਆਂ, ਉਹ ਡਟ ਕੇ ਪਹਿਰਾ ਦੇਣਗੇ। ਜ਼ਿਕਰਯੋਗ ਹੈ ਕਿ 26 ਨਵੰਬਰ 2020 ਤੋਂ ਕਿਸਾਨਾਂ ਨੇ ਦਿੱਲੀ ਸਰਹੱਦਾਂ ਵੱਲ ਚਾਲੇ ਪਾਏ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲਗਾਤਾਰ ਦਿੱਲੀ ਦੇ ਟਿੱਕਰੀ, ਸਿੰਘੂ ਤੇ ਗਾਜੀਪੁਰ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਜਾਰੀ ਹਨ ਅਤੇ ਇਸ ਸਬੰਧੀ ਸਰਕਾਰ ਨਾਲ ਹੋਈ 11 ਦੌਰ ਦੀ ਗੱਲਬਾਤ ’ਚ ਵੀ ਕੋਈ ਹੱਲ ਨਾ ਨਿਕਲ ਸਕਿਆ। ਹਾਲ ਹੀ ’ਚ ਰਾਕੇਸ਼ ਟਿਕੈਤ ਦੇ ਬਿਆਨ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਤਾਂ ਕਿਸਾਨ ਆਪਣੀਆਂ ਖੜ੍ਹੀਆਂ ਫਸਲਾਂ ਨੂੰ ਵਾਹ ਦੇਣਗੇ। ਵਰਣਨਯੋਗ ਹੈ ਕਿ ਬੀਤੇ ਦਿਨੀਂ ਹਰਿਆਣੇ ’ਚ ਵੀ ਕਿਸਾਨਾਂ ਵਲੋਂ ਫਸਲ ਵਾਹੁਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਤੇ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਇਸ ਕਿਸਾਨ ਨੇ ਆਪਣੀ ਖੜ੍ਹੀ ਫਸਲ ’ਤੇ ਟਰੈਕਟਰ ਚਲਾ ਦਿੱਤਾ ਹੈ।