ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ 2021-ਫ਼ਰਵਰੀ ਦੇ ਮੱਧ ’ਚ ਮੌਸਮ ਦੇ ਬਦਲੇ ਮਿਜ਼ਾਜ਼ ਕਾਰਨ ਹੁਣ ਲੋਕਾਂ ਦਾ ਰਹਿਣ ਸਹਿਣ ਬਦਲਣਾ ਸ਼ੁਰੂ ਹੋ ਗਿਆ ਹੈ। ਅੱਜ ਸ਼ਹਿਰ ਦਾ ਪਾਰਾ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂਕਿ ਸਵੇਰ ਵੇਲੇ ਤੋਂ ਹੀ ਤੇਜ਼ ਧੁੱਪ ਦਾ ਅਸਰ ਆਮ ਜਨਜੀਵਨ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਰੋਜ਼ਾਨਾ ਸਵੇਰ-ਸ਼ਾਮ ਠੰਡ ਦਾ ਅਹਿਸਾਸ ਜਾਰੀ ਹੈ, ਜਦੋਂਕਿ ਦੁਪਹਿਰ ਸਮੇਂ ਸੂਰਜ ਆਪਣੇ ਤੇਵਰ ਵਿਖਾਉਣ ਲੱਗਾ ਹੈ। ਦੁਪਹਿਰ ਸਮੇਂ ਬਜ਼ਾਰਾਂ ’ਚ ਰੌਣਕ ਘੱਟ ਨਜ਼ਰ ਆਉਣ ਲੱਗੀ ਹੈ, ਜਦੋਂਕਿ ਸਵੇਰ-ਸ਼ਾਮ ਲੋਕਾਂ ਦੀ ਆਮਦ ਸੜਕਾਂ ’ਤੇ ਜ਼ਿਆਦਾ ਵੇਖਣ ਨੂੰ ਮਿਲਣ ਲੱਗੀ ਹੈ। ਉਧਰ ਤੇਜ਼ ਧੁੱਪ ਕਾਰਨ ਲੋਕਾਂ ਅੰਦਰ ਠੰਡੀਆਂ ਤਰਲ ਚੀਜ਼ਾਂ ਦਾ ਸੇਵਨ ਵੀ ਵੱਧ ਗਿਆ ਹੈ। ਲੋਕ ਜੂਸ, ਆਈਸਕ੍ਰੀਮ ਤੇ ਹੋਰ ਠੰਡੀਆਂ ਚੀਜਾਂ ਦਾ ਸੇਵਨ ਕਰਨ ਲੱਗੇ ਹਨ ਤੇ ਗਰਮੀ ਤੋਂ ਬਚਾਅ ਲਈ ਥਾਂ ਆਦਿ ਦਾ ਵੀ ਪ੍ਰਬੰਧ ਕਰਨ ਲੱਗੇ ਹਨ। ਕਮਰਿਆਂ ’ਚ ਠੰਡ ਲਈ ਏ.ਸੀ ਮਸੀਨਾਂ ਦੀ ਰਿਪੇਅਰ ਵੀ ਸ਼ੁਰੂ ਹੋ ਗਈ ਹੈ ਤੇ ਮਕੈਨਿਕਾਂ ਕੋਲ ਏ.ਸੀ ਮਸੀਨਾਂ ਲਈ ਕੰਮ ਵੱਧ ਗਿਆ ਹੈ। ਇਸ ਤੋਂ ਇਲਾਵਾ ਗਰਮੀ ਤੋਂ ਬਚਾਅ ਲਈ ਘਰਾਂ ਅੰਦਰ ਪੱਖਿਆਂ ਦੀ ਵਰਤੋਂ ਵੀ ਸ਼ੁਰੂ ਹੋ ਗਈ ਹੈ।