ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਫਰਵਰੀ 2021-ਸੀਪੀਐੱਚ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਐਨਪੀਐਸ ਤਹਿਤ ਭਰਤੀ ਹੋਏ ਮੁਲਾਜ਼ਮਾਂ ’ਤੇ ਲਾਗੂ ਕੀਤੇ ਵਿੱਤ ਵਿਭਾਗ ਪੰਜਾਬ ਸਰਕਾਰ ਦੇ 4 ਫ਼ੀਸਦੀ ਹਿੱਸੇ ’ਤੇ ਲਗਾਏ ਟੈਕਸ ਵਾਲੇ ਪੱਤਰ ਨੂੰ ਰੱਦ ਕਰਵਾਉਣ ਲਈ ਅਤੇ ਐਨਪੀਐਮ ਤਹਿਤ ਭਰਤੀ ਹੋਏ ਸੂਬੇ ਦੇ 1 ਲੱਖ 87 ਹਜ਼ਾਰ ਮੁਲਾਜ਼ਮਾਂ ਦੇ ਸੁਰੱਖਿਅਤ ਭਵਿੱਖ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬਾ ਪੱਧਰ ’ਤੇ ਦਿੱਤੇ ਐਕਸ਼ਨ ਅਨੁਸਾਰ ਸਮੂਹ ਜ਼ਿਲਾ ਪੱਧਰ ’ਤੇ ਡੀਸੀ ਦਫਤਰਾਂ ਮੂਹਰੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰੰਤਰੀ ਦੇ ਨਾਮ ਮੰਗ ਪੱਤਰ ਸੌਂਪੇ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਐਨਪੀਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰੇ ਅਤੇ 4 ਫ਼ੀਸਦੀ ਵਾਲੇ ਨਾਦਰਸਾਹ ਹੁਕਮ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇਕਰ ਸਰਕਾਰ ਵੱਲੋਂ ਜਲਦੀ ਹੀ ਮੁਲਾਜ਼ਮ ਹਿੱਤ ਵਿੱਚ ਇਹ ਫੈਸਲਾ ਨਹੀਂ ਲਿਆ ਜਾਂਦਾ ਹੈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਵਰਗ ਦਫਤਰਾਂ/ਸਕੂਲਾਂ ਅਤੇ ਹੋਰ ਸਰਕਾਰੀ ਕੰਮ ਠੱਪ ਕਰਕੇ ਸੜਕਾਂ ਜਾਮ ਕਰਨ ਲਈ ਮਜਬੂਰ ਹੋਵੇਗਾ। ਇਸ ਤੋਂ ਇਲਾਵਾ ਆਗੂਆਂ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਆਪਣੇ ਪੱਧਰ ’ਤੇ ਵੀ ਐਨਪੀਐਸ ਨੂੰ ਰੱਦ ਕਰ ਸਕਦੀ ਹੈ। ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਹਿੱਤ ਵਿੱਚ ਤਕੜਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਪੂਰੀ ਜਿੰਮੇਵਾਰੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਹੋਵੇਗੀ। ਇਸ ਮੌਕੇ ਪੀ.ਐਸ.ਐਮ.ਐਸ.ਯੂ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ, ਡੀ.ਸੀ. ਦਫਤਰ ਪਰਮਜੀਤ ਸਿੰਘ, ਰਾਜਪਾਲ ਸਿੰਘ, ਵਾਟਰ ਸਪਲਾਈ ਦੇ ਜੋਗਾ ਸਿੰਘ, ਓਮ ਪ੍ਰਕਾਸ਼, ਆਬਕਾਰੀ ਵਿਭਾਗ ਦੇ ਭਾਰਤ ਭੂਸ਼ਨ, ਖੇਤੀ ਬਾੜੀ ਦੇ ਅਸ਼ੋਕ ਕੁਮਾਰ ਕਟਾਰੀਆ, ਦੀਪਕ ਕੁਮਾਰ, ਰੋਡਵੇਜ਼ ਦੇ ਪਵਨ ਕੁਮਾਰ, ਸਰਬਜੀਤ ਸਿੰਘ, ਭਲਾਈ ਵਿਭਾਗ ਦੇ ਭੁਪਿੰਦਰ ਸਿੰਘ, ਫੂਡ ਸਪਲਾਈ ਦੇ ਜਸਵਿੰਦਰ ਸਿੰਘ,ਰਾਕੇਸ਼ ਬਾਂਸਲ, ਬੀ ਅਂੈਡ ਆਰ ਦੇ ਜਸਵਿੰਦਰ ਸਿੰਘ, ਪ੍ਰੀਤਮ ਕੁਮਾਰ, ਜਲ ਸਰੋਤ ਜਸਵੰਤ ਸਿੰਘ, ਕਮਲਜੀਤ ਸਿੰਘ, ਪੰਕਜ ਸ਼ਰਮਾ ਆਦਿ ਮੌਜੂਦ ਸਨ।