ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਫਰਵਰੀ 2021-ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਇਆ ਜਾ ਰਿਹਾ ਹੈ ਇਹ ਜਾਣਕਾਰੀ ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਨੇ ਅੱਜ ਦਫਤਰ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੇਂਡੂ ਨੌਜਵਾਨਾਂ ਦੀ ਭਲਾਈ ਲਈ ਸ਼ੁਰੂ ਕੀਤੇ ਗਏ ਪੰਜ ਹਾਈ ਟੈਕ ਪ੍ਰਾਜੈਕਟ ਨੂੰ ਆਨਲਾਇਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ ਅਤੇ ਪੇਂਡੂ ਲੋਕਾਂ ਨੂੰ ਸ਼ਹਿਰੀ ਸਹੂਲਤ ਪ੍ਰਦਾਨ ਕਰਨ ਲਈ ਬੇਰੁਜ਼ਗਾਰਾ ਵਿਅਕਤੀਆਂ ਨੂੰ ਪੰਜਾਬ ਵਿੱਚ ਮਿੰਨੀ ਬੱਸਾਂ ਦੇ 3 ਹਜ਼ਾਰ ਪਰਮਿਟ ਦੇਣ ਦੀ ਸ਼ੁਰੂਆਤ ਕੀਤੀ ਗਈ।
ਸੰਧੂ ਨੇ ਦੱਸਿਆ ਕਿ ਲੋਕਾਂ ਨੂੰ ਡਰਾਈਵਿੰਗ ਦੀ ਸਿਖਲਾਈ ਦੇਣ ਲਈ ਝੱਲ ਠੀਕਰਵਾਲ (ਕਪੂਰਥਲਾ) ਵਿਖੇ ਡਰਾਈਵਿੰਗ ਅਤੇ ਟਰੈਫਿਕ ਖੋਜ ਸੰਸਥਾ ਦਾ ਅੱਜ ਮੁੱਖ ਮੰਤਰੀ ਵਲੋਂ ਆਨ ਲਾਇਨ ਪ੍ਰਣਾਨੀ ਰਾਹੀਂ ਨੀਂਹ ਪੱਥਰ ਰੱਖਿਆ ਗਿਆ, ਜਿਸ ’ਤੇ 22.5 ਕਰੋੜ ਰੁਪਏ ਖਰਚਾ ਆਵੇਗਾ ਅਤੇ ਇਸ ਸੰਸਥਾ ਵਿੱਚ ਹਰ ਸਾਲ 20 ਹਜ਼ਾਰ ਲੋਕਾਂ ਨੂੰ ਡਰਾਈਵਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਔਰਤਾਂ ਲਈ ਸੁਰੱਖਿਅਤ ਯਾਤਰਾ ਲਈ ਜਨਤਕ ਵਾਹਨਾਂ ਵਿੱਚ ਜੀ.ਪੀ.ਐਸ. ਉਪਕਰਨ ਅਤੇ ਐਮਰਜੈਂਸੀ ਬਟਨ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ 100 ਫੀਸਦੀ ਪਨਬੱਸਾਂ ਵਿੱਚ ਇਹ ਸਿਸਟਮ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ 31 ਅਗਸਤ ਤੱਕ ਇਹ ਸਿਸਟਮ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਲਗਾਏ ਜਾ ਸਕਣਗੇ। ਭਵਿੱਖ ਵਿੱਚ ਡਰਾਈਵਿੰਗ ਲਾਇਸੈਂਸਾਂ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਡਾਕ ਵਿਭਾਗ ਰਾਹੀਂ ਘਰੋਂ ਘਰ ਭੇਜੇ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਸਲੀਨ ਕੌਰ, ਕਰਮਵੀਰ ਸਿੰਘ, ਜਸਵਿੰਦਰ ਸਿੰਘ ਨੂੰ ਮੌਕੇ ਤੇ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ। ਇਸ ਮੌਕੇ ਸੁਭਾਸ਼ ਕੁਮਾਰ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਰਾਜੇਸ਼ ਤਿ੍ਰਪਾਠੀ ਏ.ਡੀ.ਸੀ, ਸਵਰਨਜੀਤ ਕੌਰ, ਪ੍ਰਭਜੋਤ ਸਿੰਘ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਭਿੰਦਰ ਸ਼ਰਮਾ ਵੀ ਮੌਜੂਦ ਸਨ।