ਅਸ਼ੋਕ ਵਰਮਾ
ਬਠਿੰਡਾ, 24 ਫਰਵਰੀ2021:ਮੰਗਲਵਾਰ ਨੂੰ ਮਹਿਰਾਜ ’ਚ ਕੀਤੀ ਰੈਲੀ ਦੌਰਾਨ ਲੱਖਾ ਸਿਧਾਣਾ ਵੱਲੋਂ ਪੰਡਾਲ ਤੱਕ ਜਾਣ ਲਈ ਵਰਤੇ ਮੋਟਰਸਾਈਕਲ ਦੇ ਮਾਲਕ ਨੌਜਵਾਨ ਨੂੰ ਅੱਜਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਚੁੱਕ ਲਿਆ ਪਰ ਜਨਤਕ ਆਗੂਆਂ ਤੇ ਆਮ ਲੋਕਾਂ ਦੇ ਦਬਾਅ ਕਾਰਨ ਛੱਡਣਾ ਪਿਆ। ਅੱਜ ਜਦੋਂ 26 ਜਨਵਰੀ ਨੂੰ ਲਾਲ ਕਿਲ੍ਹੇ ‘ਚ ਵਾਪਰੀਆਂ ਘਟਨਾਵਾਂ ਦੇ ਮਾਮਲੇ ‘ਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਵੱਲੋਂ ਰੈਲੀ ‘ਚ ਜਾਣ ਵਕਤ ਵਰਤੇ ਮੋਟਰਸਾਈਕਲ ਦੇ ਮਾਲਕ ਭੋਲਾ ਸਿੰਘ ਵਾਸੀ ਮਹਿਰਾਜ ਨੂੰ ਹਿਰਾਸਤ ’ਚ ਲੈਣ ਬਾਰੇ ਪਤਾ ਲੱਗਿਆ ਤਾਂ ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਦੀ ਅਗਵਾਈ ਹੇਠ ਵੱਡੀ ਗਿਣਤੀ ਨੌਜਵਾਨ ਥਾਣੇ ਅੱਗੇ ਇਕੱਠੇ ਹੋ ਗਏ ਅਤੇ ਨਾਅਰੇਬਾਜੀ ਨਾਲ ਪੁਲਿਸ ਕਾਰਵਾਈ ਤੇ ਰੋਸ ਜਤਾਇਆ ।
ਦਲ ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਰੈਲੀ ਦੇ ਮੁੱਖ ਪ੍ਰਬੰਧਕ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਦੱਸਿਆ ਕਿ ਲੱਖਾ ਸਿਧਾਣਾ ਜਿਸ ਮੋਟਰਸਾਈਕਲ ਤੇ ਰੈਲੀ ‘ਚ ਆਇਆ ਤੇ ਉਸੇ ਤੇ ਹੀ ਉਹ ਵਾਪਿਸ ਚਲਾ ਗਿਆ ਸੀ । ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਭੋਲਾ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਜਿਸ ਦਾ ਪਤਾ ਲੱਗਣ ‘ਤੇ ਉਨ੍ਹਾਂ ਦੀ ਅਗਵਾਈ ‘ਚ ਜਦੋਂ ਨੌਜਵਾਨਾਂ ਨੇ ਵਿਰੋਧ ਜਤਾਇਆ ਤਾਂ ਪੁਲਿਸ ਨੂੰ ਭੋਲਾ ਸਿੰਘ ਨੂੰ ਛੱਡਣਾ ਪਿਆ ਹੈ। ਇਸ ਮੌਕੇ ਮਹਿਰਾਜ ਦੇ ਨੌਜਵਾਨਾਂ ਨੇ ਕਿਹਾ ਕਿ ਇਹ ਰੈਲੀ ਸਮੂਹ ਪਿੰਡ ਵਾਸੀਆਂ ਤੇ ਲੱਖਾ ਸਿਧਾਣਾ ਦੇ ਸਮਰੱਥਕਾਂ ਨੇ ਆਪਸੀ ਸਹਿਯੋਗ ਨਾਲ ਕੀਤੀ ਸੀ ਜਿਸ ’ਚ ਪਿੰਡ ਮਹਿਰਾਜ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ਸੀ ।
ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਪਿੰਡ ਦੇ ਲੋਕਾਂ ਨੂੰ ਪੁੱਛ ਗਿੱਛ ਦੇ ਬਹਾਨੇ ਥਾਣੇ ਲਿਜਾਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਜਿਸਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਦੋਂ ਲੱਖਾ ਸਿਧਾਣਾ ਮੋਟਰ ਸਾਈਕਲ ਰਾਹੀ ਰੈਲੀ ਵਿੱਚ ਆਇਆ ਸੀ ਤਾਂ ਉਸ ਸਮੇਂ ਉਹ ਕਈ ਪੁਲਿਸ ਨਾਕਿਆਂ ਤੋ ਲੰਘਿਆ ਸੀ ਤਾਂ ਉਦੋਂ ਪੁਲਿਸ ਪੁਲਿਸ ਨੂੰ ਲੱਖਾ ਕਿਓਂ ਨਹੀਂ ਦਿਸਿਆ ਪਰ ਸਿਰਫ ਮੋਟਰ ਸਾਈਕਲ ਦਿਸ ਗਿਆ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਬਿਨਾਂ ਵਜਹਾ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਤਾਂ ਉਹ ਪੁਲਿਸ ਦਾ ਘਿਰਾਓ ਕਰਨਗੇ ।
ਮੋਟਰ ਸਾਈਕਲ ਦੇ ਮਾਲਿਕ ਭੋਲਾ ਸਿੰਘ ਨੇ ਦੱÎਸਿਆ ਉਸ ਨੂੰ ਪਤਾ ਨਹੀ ਕਿ ਲੱਖਾ ਉਸਦਾ ਮੋਟਰ ਸਾਈਕਲ ਕਿਵੇਂ ਲੈ ਗਿਆ। ਉਨ੍ਹਾਂ ਦੱਸਿਆ ਕਿ ਕਿਉਕੀ ਰੈਲੀ ਵਾਲੇ ਦਿਨ ਭੀੜ ਬਹੁਤ ਸੀ ਤੇ ਉਸ ਦੇ ਘਰ ਨੇੜੇ ਪਾਰਕਿੰਗ ਦਾ ਪ੍ਰਬੰਧ ਕੀਤਾ ਸੀ । ਓਧਰ ਥਾਣਾ ਸਿਟੀ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਸੁਖਜਿੰਦਰ ਸਿੰਘ ਨੇ ਹਿਰਾਸਤ ’ਚ ਲੈਣ ਦਾ ਖੰਡਨ ਕਰਦਿਆਂ ਦੱਸਿਆ ਕਿ ਭੋਲਾ ਸਿੰਘ ਨੂੰ ਸਿਰਫ ਪੁੱਛ ਪੜਤਾਲ ਲਈ ਸੱਦਿਆ ਸੀ ਹੋਰ ਕੋਈ ਗੱਲ ਨਹੀਂ ਹੈ।