- ਪੈੱਨਸ਼ਨ ਮੁਲਾਜ਼ਮਾਂ ਦਾ ਹੱਕ ਹੈ - ਦਿੱਗਵਿਜੇ
ਮੋਗਾ/ਫਿਰੋਜ਼ਪੁਰ/ਮੁਹਾਲੀ 24 ਫ਼ਰਵਰੀ 2021 - ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਮੁਲਾਜ਼ਮਾਂ ਦਾ ਹੱਕ ਕਰਾਰ ਦਿੰਦਿਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ ਹੈ।ਸੂਬਾਈ ਅਧਿਆਪਕ ਆਗੂਆਂ ਕਰਨੈਲ ਸਿੰਘ ਚਿੱਟੀ,ਜਸਵਿੰਦਰ ਸਿੰਘ ਬਠਿੰਡਾ, ਗੁਰਮੀਤ ਕੋਟਲੀ ਤੇ ਬਲਵੀਰ ਚੰਦ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ ਨਵੀਆਂ ਆਰਥਿਕ ਨੀਤੀਆਂ ਤਹਿਤ ਸੰਘਰਸ਼ਾਂ ਨਾਲ ਹਾਸਲ ਕੀਤੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ।
ਜਦਕਿ ਅਜਿਹੀਆਂ ਨੀਤੀਆਂ ਬਣਾਉਣ ਤੇ ਲਾਗੂ ਕਰਨ ਵਾਲ਼ੇ ਸਿਆਸਤਦਾਨ ਖ਼ੁਦ ਕਈ ਕਈ ਪੈਨਸ਼ਨਾਂ ਪ੍ਰਾਪਤ ਕਰਕੇ ਖਜ਼ਾਨੇ ਤੇ ਬੋਝ ਬਣੇ ਹੋਏ ਹਨ। ਆਗੂਆਂ ਨੇ ਆਖਿਆ ਕਿ ਸਰਕਾਰ ਵੱਲੋਂ ਪੁਰਾਣੀ ਪੈੰਨਸ਼ਨ ਦੀ ਮੰਗ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੇ ਬਾਵਜੂਦ ਅਜੇ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ। ਅਧਿਆਪਕ ਆਗੂਆਂ ਨੇ ਆਖਿਆ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਇਕ ਹੋਰ ਮਾਰੂ ਵਾਰ ਕੀਤਾ ਹੈ। ਜਿਸ ਅਧੀਨ 1/4/2019 ਤੋਂ NPS ਦੇ CPF ਵਿੱਚ ਸਰਕਾਰ ਦਾ ਹਿੱਸਾ ਕਰਮਚਾਰੀ ਦੀ ਮੁਢਲੀ ਤਨਖਾਹ ਦਾ 14% ਕਰ ਦਿੱਤਾ ਗਿਆ ਹੈ।
ਜਦੋਂ ਕਿ ਕਰਮਚਾਰੀ ਦਾ ਹਿੱਸਾ 10% ਹੀ ਹੈ। ਪਹਿਲਾਂ ਸਰਕਾਰ ਦੇ ਸਾਰੇ ਹਿੱਸੇ ਨੂੰ ਕਰਮਚਾਰੀ ਦੀ ਕੁੱਲ ਟੈਕਸ ਯੋਗ ਆਮਦਨ ਵਿਚੋਂ ਘਟਾ ਦਿੱਤਾ ਜਾਂਦਾ ਸੀ। ਪਰ ਨਵੇਂ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦਾ ਤਾਂ ਸਾਰਾ 14% ਹੀ ਟੈਕਸ ਤੋਂ ਛੋਟ ਹੈ, ਪਰ ਪੰਜਾਬ ਸਰਕਾਰ ਦੇ ਨਵੇਂ ਤੁਗਲਕੀ ਫਰਮਾਨ ਅਨੁਸਾਰ ਸਰਕਾਰ ਵਲੋਂ ਪੈਨਸ਼ਨ ਫੰਡ ਵਿੱਚ ਆਪਣੇ 14% ਹਿੱਸੇ ਵਿੱਚੋਂ ਕੇਵਲ 10% ਹੀ ਟੈਕਸ ਤੋਂ ਛੋਟ ਦਿੱਤੀ ਗਈ ਹੈ ਜਦਕਿ ਬਾਕੀ 4% ਟੈਕਸ ਯੋਗ ਕੁੱਲ ਆਮਦਨ ਵਿੱਚ ਜੋੜਿਆ ਜਾਵੇਗਾ।ਇਹ ਪੁਰਾਣੀ ਪੈਨਸ਼ਨ ਸਕੀਮ ਤੋਂ ਵਿਰਵੇ ਕਰਮਚਾਰੀਆਂ ਨਾਲ ਸਰਾ ਸਰ ਬੇਇਨਸਾਫ਼ੀ ਹੈ।ਆਗੂਆਂ ਨੇ ਕਿਹਾ ਕਿ ਰਾਜ ਤੇ ਕੇਂਦਰ ਸਰਕਾਰਾਂ ਮੁਲਾਜ਼ਮਾਂ ਨੂੰ ਮਿਲਦੀਆਂ ਸੁਖ ਸਹੂਲਤਾਂ ,ਬੇਰੁਜ਼ਗਾਰਾਂ ਤੋਂ ਰੁਜ਼ਗਾਰ, ਵਿਦਿਆਰਥੀਆਂ ਤੋਂ ਪੜ੍ਹਾਈ ਤੇ ਕਿਰਤੀਆਂ ਤੋਂ ਕੰਮ ਖੋਹਣ ਲਈ ਇੱਕ ਮੱਤ ਹਨ।ਅਜਿਹੀਆਂ ਮੁਲਾਜ਼ਮ ਤੇ ਲੋਕ ਵਿਰੋਧੀ ਨੀਤੀਆ ਨੂੰ ਵਿਸ਼ਾਲ ਏਕੇ ਤੇ ਤਿੱਖੇ ਸੰਘਰਸ਼ਾਂ ਨਾਲ ਹੀ ਮਾਤ ਦਿੱਤੀ ਜਾ ਸਕਦੀ ਹੈ।
ਅਧਿਆਪਕ ਆਗੂਆਂ ਨੇ ਆਖਿਆ ਕਿ ਰਾਜ ਭਰ ਤੋਂ ਡੀ.ਟੀ.ਐੱਫ.ਦੀ ਅਗਵਾਈ ਵਿੱਚ ਅਧਿਆਪਕਾਂ ਦੇ ਕਾਫ਼ਲੇ ਪੈਂਨਸ਼ਨ ਬਹਾਲੀ ਦੇ 28 ਫਰਵਰੀ ਦੇ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਕਪੂਰਥਲਾ, ਹਰਦੇਵ ਮੁੱਲਾਂਪੁਰ, ਕਰਮਜੀਤ ਤਮਕੋਟ, ਸੁਰਿੰਦਰਜੀਤ ਸਿੰਘ ਮਾਨ, ਹਰਜਿੰਦਰ ਅਨੂਪਗੜ੍ਹ, ਰੇਸ਼ਮ ਸਿੰਘ, ਸੁਖਵਿੰਦਰ ਸੁੱਖੀ,ਅਮਨਦੀਪ ਮਟਵਾਣੀ, ਜਗਵੀਰਨ ਕੌਰ,ਨਵਚਰਨਪ੍ਰੀਤ ਕੌਰ ਹਰਵਿੰਦਰ ਬਟਾਲਾ , ਗਗਨਦੀਪ ਪਾਹਵਾ, ਲਖਵੀਰ ਹਰੀਕੇ , ਤਲਵਿੰਦਰ ਖਰੌੜ, ਸਨੇਹਦੀਪ ਪਟਿਆਲਾ,ਮਨਜਿੰਦਰ ਚੀਮਾ ਤੇ ਹਰਭਗਵਾਨ ਗੁਰਨੇ , ਰਾਜਦੀਪ ਸੰਧੂ ਆਦਿ ਸੂਬਾਈ ਆਗੂ ਵੀ ਮੌਜੂਦ ਸਨ।