ਸੀਪੀਐਫ ਮੁਲਾਜਮਾਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਦੀ ਅਰਥੀ ਫੂਕੀ
ਪ੍ਰਧਾਨ ਮੰਤਰੀ/ਮੁੱਖ ਮੰਤਰੀ / ਕੇਂਦਰੀ ਵਿੱਤ ਮੰਤਰੀ ਦੇ ਨਾਮ ਪ੍ਰਸ਼ਾਸਨ ਨੂੰ ਸੌਂਪੇ ਮੰਗ ਪੱਤਰ
ਫਾਜ਼ਿਲਕਾ, 25 ਫਰਵਰੀ, 2021 :
ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ ਦਿੱਤੇ ਗਏ ਸਾਂਝੇ ਸੱਦੇ ਉੱਤੇ ਨਵੀਂ ਪੈਨਸ਼ਨ ਸਕੀਮ (ਐਨਪੀਐਸ) ਤਹਿਤ ਭਰਤੀ ਹੋਏ ਲੱਖਾਂ ਮੁਲਾਜ਼ਮਾਂ ’ਤੇ ਲਾਗੂ ਕੀਤੇ ਵਿੱਤ ਵਿਭਾਗ ਪੰਜਾਬ ਸਰਕਾਰ ਦੇ 4% ਹਿੱਸੇ ’ਤੇ ਲਗਾਏ ਟੈਕਸ ਵਾਲੇ ਪੱਤਰ ਨੂੰ ਰੱਦ ਕਰਵਾਉਣ ਲਈ ਅਤੇ ਐਨਪੀਐਸ ਤਹਿਤ ਭਰਤੀ ਹੋਏ ਸੂਬੇ ਦੇ ਇੱਕ ਲੱਖ ਸਤਾਸੀ ਹਜ਼ਾਰ ਮੁਲਾਜਤਮਾਂ ਦੇ ਸੁਰੱਖਿਅਤ ਭਵਿੱਖ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬਾ ਪੱਧਰ ’ਤੇ ਦਿੱਤੇ ਐਕਸ਼ਨ ਅਨੁਸਾਰ ਸਮੂਹ ਜਿਲਾ ਪੱਧਰ ’ਤੇ ਡੀਸੀ ਦਫਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਰਾਜ ਸਰਕਾਰਾਂ ਖਿਲਾਫ਼ ਮੁਜ਼ਾਹਰੇ ਕੀਤੇ ਗਏ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਦੇਸ਼ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਮ ਮੰਗ ਪੱਤਰ ਸੌਂਪੇ ਗਏ। ਇਸ ਮੌਕੇ ਆਗੂਆਂ ਨਿਸ਼ਾਂਤ ਅਗਰਵਾਲ, ਮਨਦੀਪ ਸਿੰਘ, ਮੋਹਿੰਦਰ ਕੁਮਾਰ, ਪਰਮਜੀਤ ਸਿੰਘ ਸ਼ੋਰੇਵਾਲਾ ਭਗਵੰਤ ਭਠੇਜਾ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਐਨਪੀਐਸ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰੇ ਅਤੇ 4% ਵਾਲੇ ਨਾਦਰਸ਼ਾਹ ਹੁਕਮ ਨੂੰ ਤੁਰੰਤ ਰੱਦ ਕੀਤਾ ਜਾਵੇ। ਅਗਰ ਸਰਕਾਰ ਵੱਲੋਂ ਜਲਦੀ ਹੀ ਮੁਲਾਜ਼ਮ ਹਿੱਤ ਵਿੱਚ ਇਹ ਫੈਸਲਾ ਨਹੀਂ ਲਿਆ ਜਾਂਦਾ ਹੈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਵਰਗ ਦਫਤਰਾਂ/ਸਕੂਲਾਂ ਅਤੇ ਹੋਰ ਸਰਕਾਰੀ ਕੰਮ ਠੱਪ ਕਰਕੇ ਸੜਕਾਂ ਜਾਮ ਕਰਨ ਲਈ ਮਜਬੂਰ ਹੋਵੇਗਾ। ਇਸ ਤੋਂ ਇਲਾਵਾ ਆਗੂ ਨਿਸ਼ਾਂਤ ਅਗਰਵਾਲ, ਰਮੇਸ਼ ਕੁਮਾਰ ਸੁਧਾ, ਹਰਮੀਤ ਸਿੰਘ ਜੱਸਲ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਆਪਣੇ ਪੱਧਰ ਤੇ ਵੀ ਐਨਪੀਐਸ ਨੂੰ ਰੱਦ ਕਰ ਸਕਦੀ ਹੈ ਇਸ ਲਈ ਸਰਕਾਰ ਨੂੰ ਆਪਣੇ ਮੁਲਾਜਮਾਂ ਦੇ ਭਵਿੱਖ ਪ੍ਰਤੀ ਚਿੰਤਤ ਹੋਣਾ ਚਾਹੀਦਾ ਹੈ ਅਤੇ ਸੂਬੇ ਦੇ 1 ਲੱਖ 87 ਹਜਾਰ ਮੁਲਾਜਮਾਂ ਦੀ ਮੰਗ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭਾਰੀ ਪਵੇਗਾ ਕਿਉਂਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸੂਬਾ ਸਰਕਾਰ ਨੇ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ। ਪਰ ਨਾ ਤਾਂ ਅਜੇ ਤੱਕ ਪੁਰਾਣੀ ਪੈਨਸ਼ਨ ਦੀ ਬਹਾਲੀ ਹੋਈ ਬਲਕਿ ਨਿੱਤ ਦਿਨ ਮੁਲਾਜਮ ਮਾਰੂ ਫੈਸਲੇ ਥੋਪੇ ਜਾ ਰਹੇ ਹਨ ਜਿਸ ਕਾਰਨ ਮੁਲਾਜਮਾਂ ਅੰਦਰ ਭਾਰੀ ਰੋਸ ਹੈ। ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੁਲਾਜਮ ਹਿੱਤ ਵਿੱਚ ਤਕੜਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਪੂਰੀ ਜੁੰਮੇਵਾਰੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਹੋਵੇਗੀ। ਇਸ ਮੌਕੇ ਉਪ ਪ੍ਰਧਾਨ ਰਮੇਸ਼ ਸੁਧਾ, ਅਭਿਸ਼ੇਕ ਗੁਪਤਾ, ਸੁਰਿੰਦਰ ਕੰਬੋਜ, ਸਤਿੰਦਰ ਸਚਦੇਵਾ, ਸੁਭਾਸ਼ ਚੰਦਰ ਪਟਵਾਰੀ, ਵਿਨਯ ਕੁਮਾਰ, ਪਵਨ ਕੁਮਾਰ, ਕੁਲਦੀਪ ਸਿੰਘ ਸੱਭਰਵਾਲ, ਅਮਨ ਬਰਾੜ, ਰਾਜੀਵ ਕੁਮਾਰ, ਪਰਮਜੀਤ ਸਿੰਘ, ਰਾਜ ਕੁਮਾਰ ਖੱਤਰੀ, ਕ੍ਰਿਸ਼ਨ ਕੁਮਾਰ ਸ਼ਗਨ ਲਾਲ ਸਮੇਤ ਹੋਰ ਸਾਥੀ ਹਾਜ਼ਰ ਰਹੇ।