ਸੂਰਜ ਭਾਰਦਵਾਜ ਅਤੇ ਪਵਨ ਗੋਇਲ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੇਂਡੂ ਬੱਸਾਂ ਦੇ ਪਰਮਿਟ ਵੰਡੇ
ਮਨਿੰਦਰਜੀਤ ਸਿੱਧੂ
ਜੈਤੋ, 25 ਫਰਵਰੀ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ‘ਸੀਮਾ ਰਹਿਤ ਬੱਸ ਪਰਮਿਟ’ ਪਾਲਿਸੀ ਤਹਿਤ ਅਤੇ ਆਪਣੇ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ’ ਦੀ ਸਕੀਮ ਵੱਲ ਇੱਕ ਪੁਲਾਂਘ ਪੁੱਟਦਿਆਂ 3000 ਪੇਂਡੂ ਬੱਸ ਸਰਵਿਸ ਦੇ ਪਰਮਿਟ ਵੰਡੇ ਗਏ।
ਇਸੇ ਸਕੀਮ ਤਹਿਤ ਜੈਤੋ ਦੇ ਅਲਾਇੰਸ ਸਕੂਲ ਵਿਖੇ ਸੀਨੀਅਰ ਕਾਂਗਰਸੀ ਆਗੂ ਅਤੇ ਮੈਂਬਰ ਪਾਰਲੀਮੈਂਟ ਫ਼ਰੀਦਕੋਟ ਦੇ ਜਵਾਈ ਸੂਰਜ ਭਾਰਦਵਾਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਵੱਲੋਂ ਜੈਤੋ ਇਲਾਕੇ ਦੇ ਪੰਜ ਨੌਜਵਾਨਾਂ ਜਸਪਾਲ ਸਿੰਘ, ਜਸਪ੍ਰੀਤ ਕੌਰ, ਬੇਅੰਤ ਸਿੰਘ, ਬਸੰਤ ਸਿੰਘ ਅਤੇ ਗੁਰਜੀਤ ਸਿੰਘ ਨੂੰ ਪੇਂਡੂ ਬੱਸਾਂ ਦੇ ਪਰਮਿਟ ਵੰਡੇ।
ਇਸ ਮੌਕੇ ਸੰਬੋਧਨ ਕਰਦਿਆਂ ਸੂਰਜ ਭਾਰਦਵਾਜ ਨੇ ਕਿਹਾ ਕਿ ਅੱਜ ਭਾਵੇਂ ਪੰਜਾਬ ਸਰਕਾਰ ਵੱਲੋਂ 3000 ਪਰਮਿਟ ਜਾਰੀ ਕੀਤੇ ਜਾ ਰਹੇ ਹਨ,ਪਰ ਇਸ ਸਾਲ ਦੇ ਅੰਤ ਤੱਕ 8000 ਹੋਰ ਪਰਮਿਟ ਜਾਰੀ ਹੋਣਗੇ ਜਿਸ ਨਾਲ ਇਸ ਸਾਲ ਦੇ ਅੰਤ ਤੱਕ ਕੁੱਲ 11000 ਪਰਮਿਟ ਵੰਡੇ ਜਾਣਗੇ।ਉਹਨਾਂ ਕਿਹਾ ਕਿ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਉੱਪਰ ਰੋਜਗਾਰ ਅਤੇ ਸਵੈ ਨਿਰਭਰਤਾ ਦੇ ਮੌਕੇ ਪੈਦਾ ਹੋਣਗੇ।
ਇਸ ਸੰਬੰਧੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਚੱਲਦਿਆਂ ਹੋਇਆਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਦੇ ਮਹਿਕਮੇ ਵੱਲੋਂ ਅਪਣਾਈ ਪਾਰਦਰਸ਼ੀ ਪ੍ਰਣਾਲੀ ਤਹਿਤ ਪਹਿਲੀ ਵਾਰ ਅਖਬਾਰਾਂ ਵਿੱਚ ਮਿੰਨੀ ਬੱਸ ਪਰਮਿਟਾਂ ਲਈ ਜਨਤਕ ਨੋਟਿਸ ਜਾਰੀ ਕੀਤਾ ਗਿਆ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਅੰਦਰ ਆਧੁਨਿਕੀਕਰਨ ਨੂੰ ਲੈ ਕੇ ਬੜੀ ਤੇਜੀ ਨਾਲ ਅੱਗੇ ਵੱਧ ਰਹੀ ਹੈ ਅਤੇ ਇਸ ਲਈ ਪਨਬਸ ਦੀਆਂ 100 ਫੀਸਦੀ ਬੱਸਾਂ ਅਤੇ ਪੀ.ਆਰ.ਟੀ.ਸੀ ਦੀਆਂ ਤਕਰੀਬਨ 50 ਫੀਸਦੀ ਬੱਸਾਂ ਵਿੱਚ ਜੀ.ਪੀ.ਐੱਸ ਉਪਕਰਨ ਲਗਾਏ ਜਾ ਚੁੱਕੇ ਹਨ।
ਸੂਰਜ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਜਿਸ ਟਰਾਂਸਪੋਰਟ ਵਿਭਾਗ ਉੱਪਰ ਕਿਸੇ ਵੇਲੇ ਸਿਰਫ ‘ਬਾਦਲਾਂ’ ਦਾ ਕਬਜਾ ਹੋ ਗਿਆ ਸੀ।ਉਸਨੂੰ ਵੀ ਹੌਲੀ ਹੌਲੀ ਛੁਡਵਾ ਕੇ ਆਮ ਲੋਕਾਂ ਹਵਾਲੇ ਕੀਤਾ ਜਾਵੇਗਾ।
ਇਸ ਮੌਕੇ ਨਾਇਬ ਤਹਿਸੀਲਦਾਰ ਹੀਰਾਵੰਤੀ, ਸੁਪਰਡੈਂਟ ਬਾਜ ਸਿੰਘ, ਪ੍ਰਦੀਪ ਕੁਮਾਰ ਗਰਗ ‘ਭਾਂਡਾ’, ਸਰਪੰਚ ਮਿਹਰ ਸਿੰਘ ਕਰੀਰਵਾਲੀ, ਸੁਖਬਿੰਦਰ ਗਰਗ, ਜਗਦੀਸ਼ ਘਣੀਆ ਚੇਅਰਮੈਨ, ਐੱਮ.ਸੀ. ਖੁਸ਼ੀ ਰਾਮ, ਹਰਜੀਤ ਸਿੰਘ ਬਿਸ਼ਨੰਦੀ, ਪਟਵਾਰੀ ਸੁਖਮੰਦਰ ਸਿੰਘ, ਕਮਲ ਬਾਗੜੀ, ਭਿੰਦਰ ਆਦਿ ਹਾਜਰ ਸਨ।