ਅਸ਼ੋਕ ਵਰਮਾ
ਬਠਿੰਡਾ, 25 ਫਰਵਰੀ2021: ਕਰੋਨਾ ਕਾਰਨ ਕਰਜਾ ਮੋੜਨ ਤੋਂ ਅਸਮਰੱਥ ਹੋਕੇ ਕਰਜਈ ਔਰਤਾਂ ਨੂੰ ਪ੍ਰਾਈਵੇਟ ਕੰਪਨੀਆਂ ਅਤੇ ਬੈਂਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਕਥਿਤ ਧਮਕੀਆਂ ਨੂੰ ਲੈਕੇ ਅੱਜਕਿਰਤੀ ਕਿਸਾਨ ਯੂਨੀਅਨ ਦੇ ਕਿਸਾਨ ਔਰਤ ਵਿੰਗ ਦੇ ਆਗੂ ਗੁਰਮੀਤ ਕੌਰ ਰਾਣੀ ਦੀ ਅਗਵਾਈ ਹੇਠ ਐਸ ਐਸ ਪੀ ਨੂੰ ਮੰਗ ਪੱਤਰ ਦਿੱਤਾ। ਗੁਰਮੀਤ ਕੌਰ ਨੇ ਦੱਸਿਆ ਕਿ ਮਜਦੂਰੀ ਤੇ ਕੰਮ ਬੰਦ ਹੋਣ ਕਾਰਨ ਇੰਨ੍ਹਾਂ ਔਰਤਾਂ ਤੋਂ ਕਰਜਾ ਵਾਪਸ ਨਹੀਂ ਕੀਤਾ ਜਾ ਸਕਿਆ ਹੈ ਜਿਕਰਕੇ ਪ੍ਰਾਈਵੇਟ ਕੰਪਨੀਆਂ ਅਤੇ ਬੈਂਕਾਂ ਵੱਲੋਂ ਕਾਨੂੰਨੀ ਨੋਟਿਸ ਭੇਜੇ ਗਏ ਹਨ ਅਤੇ ਕਰਜ਼ਾ ਵਾਪਸੀ ਲਈ ਔਰਤਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਜੰਟ ਆਖ ਰਹੇ ਹਨ ਕਿ ਕਰਜ਼ਾ ਵਾਪਸੀ ਨਹੀਂ ਕੀਤੀ ਤਾਂ ਘਰ ਨੂੰ ਤਾਲਾ ਲਾ ਦਿੱਤਾ ਜਾਵੇਗਾ ਅਤੇ ਘਰ ਦਾ ਸਾਮਾਨ ਚੁੱਕ ਲਿਜਾਣ ਬਾਰੇ ਆਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਔਰਤਾਂ ਦੇ ਹੱਕ ’ਚ ਖੜ੍ਹੇਗੀ ਅਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਏਗਾ। ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਨੇ ਕਿਹਾ ਕਿ ਵੱਡੇ ਘਰਾਣਿਆਂ ਦੇ ਕਰੋੜਾਂ ਰੁਪਏ ਦੇ ਵਿਆਜ਼ ਮੁਆਫ਼ ਕੀਤੇ ਜਾ ਰਹੇ ਹਨ ਜਦੋਂਕਿ ਪ੍ਰਾਈਵੇਟ ਕੰਪਨੀਆਂ ਗ਼ਰੀਬ ਪੇਂਡੂ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਕੰਪਨੀਆਂ ਨੇ ਧੱਕਾ ਕਰਲ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਵਿੱਢਿਆ ਜਾਏਗਾ।ਇਸ ਮੌਕੇ ਭੋਲੀ ਕੌਰ ਜੁਗਨੀ, ਸਰਬਜੀਤ ਕੌਰ, ਜਸਵਿੰਦਰ ਕੌਰ, ਛਿੰਦਰ ਕੌਰ, ਬਲਜਿੰਦਰ ਕੌਰ ਅਤੇ ਪ੍ਰਵੀਨ ਖਾਨ ਹਾਜਰ ਸਨ।