- ਚੇਅਰਮੈਨ ਪੰਜਾਬ ਐਸ.ਸੀ. ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਜ਼ਿਲ੍ਹੇ ਦੇ 40 ਲਾਭਪਾਤਰੀਆਂ ਨੂੰ 20.90 ਲੱਖ ਰੁਪਏ ਦੇ ਸੌਂਪੇ ਕਰਜੇ ਅਤੇ ਸਬਸਿਡੀ ਦੇ ਮਨਜੂਰੀ ਪੱਤਰ
- ਕਿਹਾ, ਸੂਬੇ ’ਚ ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਬੈਂਕਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ ਕਰੀਬ 8.25 ਕਰੋੜ ਰੁਪਏ ਦੇ ਕਰਜੇ
ਹੁਸ਼ਿਆਰਪੁਰ, 25 ਫਰਵਰੀ 2021 - ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਸਵੈ ਰੋਜ਼ਗਾਰ ਸਥਾਪਿਤ ਕਰਨ ਦੇ ਉਦੇਸ਼ ਨਾਲ 1 ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਬੈਂਕਾਂ ਦੁਆਰਾ ਇਨ੍ਹਾਂ ਲਾਭਪਾਤਰੀਆਂ ਨੂੰ ਕਰੀਬ 8.25 ਕਰੋੜ ਰੁਪਏ ਦੇ ਕਰਜੇ ਉਪਲਬੱਧ ਹੋ ਜਾਣਗੇ। ਉਹ ਅੱਜ ਹੁਸ਼ਿਆਰਪੁਰ ਵਿੱਚ ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਕਰਜਾ ਅਤੇ ਸਬਸਿਡੀ ਦੇ ਮਨਜੂਰੀ ਪੱਤਰ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ 40 ਜ਼ਰੂਰਤਮੰਦ ਲਾਭਪਾਤਰੀਆਂ ਨੂੰ 20.90 ਲੱਖ ਰੁਪਏ ਦੇ ਮਨਜੂਰੀ ਪੱਤਰ ਸੌਂਪੇ, ਜਿਨ੍ਹਾਂ ਵਿੱਚ 16.90 ਲੱਖ ਰੁਪਏ ਦੇ ਕਰਜੇ ਅਤੇ 4 ਲੱਖ ਰੁਪਏ ਦੀ ਸਬਸਿਡੀ ਸ਼ਾਮਲ ਹੈ।
ਚੇਅਰਮੈਨ ਮੋਹਨ ਲਾਲ ਸੂਦ ਨੇ ਦੱਸਿਆ ਕਿ ਇਹ ਪ੍ਰਾਪਤੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਯਤਨਾ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਦੇ ਕਾਰਣ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਕੋਵਿਡ-19 ਦੇ ਮਹਾਂਮਾਰੀ ਦੇ ਦੌਰ ਦੌਰਾਨ ਕਾਰਪੋਰੇਸ਼ਨ ਨੂੰ ਚਾਲੂ ਵਿੱਤੀ ਸਾਲ ਦੇ ਦੌਰਾਨ ਸ਼ੇਅਰ ਕੈਪੀਟਲ ਅਤੇ ਸਬਸਿਡੀ ਦੇ ਕੁੱਲ 792.53 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਕਰੀਬ 170 ਲੱਖ ਰੁਪਏ ਹੋਰ ਜਾਰੀ ਹੋਣ ਦੀ ਉਮੀਦ ਹੈ।
ਮੋਹਨ ਲਾਲ ਸੂਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਨੁਸੂਚਿਤ ਜਾਰੀ ਦੇ 14260 ਗਰੀਬ ਕਰਜਾ ਧਾਰਕਾਂ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜੇ ਮਾਫ ਕਰਦੇ ਹੋਏ 45.41 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਇਸ ਤੋਂ ਇਲਾਵਾ ਹੋਰ ਵੱਖ-ਵੱਖ ਯੋਜਨਾਵਾਂ ਤਹਿਤ ਹੁਣ ਤੱਕ 405 ਲਾਭਪਾਤਰੀਆਂ ਨੂੰ 703.58 ਲੱਖ ਰੁਪਏ ਦਾ ਹੋਰ ਕਰਜਾ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਚਾਲੂ ਸਾਲ ਦੇ ਅਖੀਰ ਤੱਕ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਰਜਾ ਮੁਹੱਈਆ ਕਰਵਾ ਦਿੱਤਾ ਜਾਵੇਗਾ। ਕਾਰਪੋਰੇਸ਼ਨ ਵਲੋਂ ਕਰਜਾ ਵੰਡਣ ਦੇ ਨਾਲ-ਨਾਲ ਹੁਣ ਤੱਕ 811.46 ਲੱਖ ਰੁਪਏ ਕਰਜੇ ਦੀ ਵਸੂਲੀ ਵੀ ਕੀਤੀ ਗਈ ਹੈ ਜੋ ਕਿ ਸ਼ਲਾਘਾਯੋਗ ਹੈ।
ਇਸ ਮੌਕੇ ’ਤੇ ਜ਼ਿਲ੍ਹਾ ਮੈਨੇਜਰ ਵਿਜੇ ਕੁਮਾਰ, ਸਹਾਇਕ ਜ਼ਿਲ੍ਹਾ ਮੈਨੇਜਰ ਨਰੇਸ਼ਵਰ ਸਿੰਘ, ਸਹਾਇਕ ਜ਼ਿਲ੍ਹਾ ਮੈਨੇਜਰ ਰਾਜ ਰਾਣੀ, ਸਰਪੰਚ ਬਹਿ ਜੁਗਣ ਕੁਰਾੜੀ, ਸਰਪੰਚ ਤਨੂਲੀ ਅਤੇ ਹੋਰ ਲਾਭਪਾਤਰੀ ਵੀ ਮੌਜੂਦ ਸਨ।