ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਫ਼ਰਵਰੀ 2021-ਤੇਲ ਕੀਮਤਾਂ ਨੇ ਫ਼ਿਰ ਤੋਂ ਕਰਵਟ ਲਈ ਹੈ ਤੇ ਇਸ ਵਾਰ ਦੀ ਹੋਈ ਤਬਦੀਲੀ ਨਾਲ ਹੁਣ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ 35 ਪੈਸੇ ਹੋਰ ਮਹਿੰਗਾ ਮਿਲਣ ਲੱਗਾ ਹੈ। ਅੱਜ ਸਵੇਰ ਵੇਲੇ ਤੋਂ ਤੇਲ ਕੀਮਤਾਂ ’ਚ ਹੋਏ ਵਾਧੇ ਨੇ ਇੱਕ ਵਾਰ ਫ਼ਿਰ ਤੋਂ ਲੋਕਾਂ ਦੀ ਜੇਬ ’ਤੇ ਬੋਝ ਵਧਾ ਦਿੱਤਾ ਹੈ, ਜਿਸ ਨਾਲ ਲੋਕ ਸਰਕਾਰਾਂ ਵਿਰੁੱਧ ਸੰਘਰਸ਼ ਛੇੜਣ ਦੀਆਂ ਗੱਲਾਂ ਵੀ ਕਰਨ ਲੱਗੇ ਹਨ। ਵਰਣਨਯੋਗ ਹੈ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜ਼ਟ ਤੋਂ ਬਾਅਦ ਪੈਟਰੋਲ 91.86 ਤੇ ਡੀਜ਼ਲ 82.97 ਰੁਪਏ ਲੀਟਰ ਮਿਲਣ ਲੱਗਾ ਸੀ, ਜਿਸਦੇ ਕਰੀਬ ਹਫ਼ਤੇ ਬਾਅਦ ਹੀ ਤੇਲ ਕੀਮਤਾਂ ’ਚ 35 ਪੈਸੇ ਦਾ ਵਾਧਾ ਹੋ ਗਿਆ ਹੈ। ਅੱਜ ਲੋਕਾਂ ਨੂੰ ਪੈਟਰੋਲ 92.21 ਰੁਪਏ ਤੇ ਡੀਜ਼ਲ 83.32 ਪੈਸੇ ਮਿਲ ਰਿਹਾ ਹੈ, ਜਿਸ ਕਰਕੇ ਲੋਕ ਨਿਰਾਸ਼ਾ ਦੇ ਆਲਮ ਵਿੱਚ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕੋਰੋਨਾ ਲਾਕਡਾਊਨ ਦੀ ਮਾਰ ਤੋਂ ਹੀ ਲੋਕ ਬਾਹਰ ਨਹੀਂ ਆ ਸਕੇ ਹਨ, ਪਰ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਨਵੇਂ ਐਲਾਨ ਕਰਕੇ ਮਹਿੰਗਾਈ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ, ਕਿਉਂਕਿ ਲੋਕਾਂ ਦੇ ਰੁਜ਼ਗਾਰ ਡਗਮਗਾਏ ਹੋਏ ਹਨ ਤੇ ਅਜਿਹੇ ਵਿੱਚ ਤੇਲ ਕੀਮਤਾਂ ਦਾ ਵੱਧਣਾ ਲੋਕਾਂ ਲਈ ਇੱਕ ਹੋਰ ਵੱਡੀ ਮੁਸੀਬਤ ਹੈ। ਅੱਜ ਸ਼ਹਿਰ ਭਰ ਦੇ ਪੈਟਰੋਲ ਪੰਪਾਂ ’ਤੇ ਤੇਲ ਪਵਾਉਣ ਆਏ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਤੇਲ ਕੀਮਤਾਂ ਇਸੇ ਤਰ੍ਹਾਂ ਵੱਧਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸੜਕਾਂ ’ਤੇ ਸਿਰਫ਼ ਸਾਈਕਲ ਹੀ ਸਾਈਕਲ ਨਜ਼ਰ ਆਉਣਗੇ। ਇਹ ਵੀ ਸੁਣਨ ’ਚ ਆਇਆ ਹੈ ਕਿ ਤੇਲ ਕੀਮਤਾਂ ਨੂੰ ਲੈ ਕੇ ਕਈ ਜਥੇਬੰਦੀਆਂ ਸੰਘਰਸ਼ ਛੇੜਣ ਦੀਆਂ ਰਣਨੀਤੀਆਂ ਵੀ ਘੜਨ ਲੱਗੀਆਂ ਹਨ।