ਅਸ਼ੋਕ ਵਰਮਾ
ਚੰਡੀਗੜ੍ਹ, 25 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਪੱਧਰੇ ਸੱਦੇ ‘ਤੇ 27 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਟਿੱਕਰੀ ਬਾਰਡਰ ਦਿੱਲੀ ਵਿਖੇ ਬੇਗਮਪੁਰਾ ਸਮਾਜ ਦੇ ਮੁਦੱਈ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਅਤੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਅੰਗਰੇਜ਼ ਸਾਮਰਾਜ ਖਿਲਾਫ਼ ਜੂਝਕੇ ਜਾਨ ਵਾਰਨ ਵਾਲੇ ਇਨਕਲਾਬੀ ਜੁਝਾਰੂ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 26 ਜਨਵਰੀ ਨੂੰ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਦਿੱਲੀ ਵੱਲ ਕੂਚ ਦੀਆਂ ਸਭ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਦਿੱਲੀ ਮੋਰਚੇ ਤੋਂ ਇਲਾਵਾ ਪੰਜਾਬ 'ਚ 42 ਥਾਵਾਂ ਉੱਤੇ ਚੱਲਦੇ ਪੱਕੇ ਮੋਰਚੇ ਵੀ ਇਸ ਦਿਨ ਭਗਤ ਰਵਿਦਾਸ ਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸਮਰਪਿਤ ਕੀਤੇ ਜਾਣਗੇ ।
ਉਹਨਾਂ ਦੱਸਿਆ ਕਿ 27 ਫਰਵਰੀ ਦੇ ਇਸ ਐਕਸ਼ਨ ਦੀ ਤਿਆਰੀ ਲਈ ਪਿੰਡ ਪਿੰਡ ਕੀਤੀਆਂ ਗਈਆਂ ਮੀਟਿੰਗਾਂ ਰੈਲੀਆਂ ਤੇ ਝੰਡਾ ਮਾਰਚਾਂ ਦੌਰਾਨ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਵੱਲੋਂ ਮਿਲ ਰਿਹਾ ਜੋਸ਼ੀਲਾ ਹੁੰਗਾਰਾ ਮੋਦੀ ਭਾਜਪਾ ਹਕੂਮਤ ਦੀ ਕਾਲੇ ਖੇਤੀ ਕਾਨੂੰਨ ਧੱਕੇ ਨਾਲ਼ ਮੜ੍ਹਨ ਰਾਹੀਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨਾਲ ਨਿਭਾਈ ਜਾ ਰਹੀ ਵਫ਼ਾਦਾਰੀ ਤੇ ਕਿਸਾਨਾਂ ਪ੍ਰਤੀ ਦੁਸ਼ਮਣੀ ਵਾਲੇ ਰਵੱਈਏ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਹੋ ਨਿੱਬੜਿਆ। ਭਲਕੇ ਦੁਪਹਿਰ ਤੋਂ ਕਿਸਾਨਾਂ ਮਜਦੂਰਾਂ ਦੇ ਵੱਡੇ ਕਾਫ਼ਲੇ ਦਿੱਲੀ ਵੱਲ ਵਹੀਰਾਂ ਘੱਤ ਦੇਣਗੇ। ਪਹਿਲਾਂ ਵੀ ਦਿੱਲੀ ਪੁਲਿਸ ਦੇ ਜਰਕਾਊ ਨੋਟਿਸਾਂ ਨੂੰ ਟਿੱਚ ਜਾਣਦਿਆਂ ਛੋਟੇ ਵੱਡੇ ਕਾਫ਼ਲੇ ਰੋਜ਼ਾਨਾ ਹੀ ਜਾ ਰਹੇ ਹਨ। ਉਹਨਾਂ ਦੱਸਿਆ ਕਿ ਘੋਲ਼ ਦੇ ਅਗਲੇ ਪੜਾਅ ‘ਤੇ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਮੌਕੇ ਵੀ ਜਥੇਬੰਦੀ ਵੱਲੋਂ ਦਿੱਲੀ ਟਿਕਰੀ ਬਾਰਡਰ ਧਰਨੇ ਵਿੱਚ ਔਰਤਾਂ ਦੀ ਜ਼ੋਰਦਾਰ ਸ਼ਮੂਲੀਅਤ ਕਰਵਾਈ ਜਾਵੇਗੀ।
ਉਹਨਾਂ ਦੱਸਿਆ ਕਿ ਵੱਖ ਵੱਖ ਰੂਪਾਂ ‘ਚ ਭਖੇ ਹੋਏ ਕਿਸਾਨ ਮੋਰਚਿਆਂ ਦਾ ਮੁੱਖ ਨਿਸ਼ਾਨਾ ਤਿੰਨੇ ਕਾਲੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਵਾਉਣਾ , ਪੂਰੇ ਮੁਲਕ ਚ ਘੱਟੋ-ਘੱਟ ਖਰੀਦ ਮੁੱਲ ਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਕਰਨਾ ,ਸਰਵਜਨਿਕ ਜਨਤਕ ਵੰਡ ਪ੍ਰਣਾਲੀ ਪੂਰੇ ਮੁਲਕ ‘ਚ ਲਾਗੂ ਕਰਵਾਉਣਾ; ਝੂਠੇ ਦੇਸ਼ਧ੍ਰੋਹੀ ਦੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣਾ ਤੇ ਉਨ੍ਹਾਂ ਦੇ ਟ੍ਰੈਕਟਰ ਵਾਪਸ ਕਰਵਾਉਣੇ; 26 ਜਨਵਰੀ ਮੌਕੇ ਲਾਲ ਕਿਲ੍ਹੇ ਵਿੱਚ ਰਚੀ ਗਈ ਸਰਕਾਰੀ ਸਾਜਿਸ਼ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ , ਨਵਰੀਤ ਸਿੰਘ ਸਮੇਤ ਘੋਲ਼ ਦੇ ਸਮੂਹ ਸ਼ਹੀਦਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦਵਾਉਣਾ ਅਤੇ ਕਿਸਾਨ ਘੋਲ਼ ਦੀ ਹਿਮਾਇਤ ਬਦਲੇ ਜੇਲ੍ਹੀਂ ਡੱਕੀਆਂ ਔਰਤਾਂ ਨੌਦੀਪ ਤੇ ਦਿਸ਼ਾ ਰਵੀ ਸਮੇਤ ਸਾਰੇ ਬੁੱਧੀਜੀਵੀਆਂ ਨੂੰ ਰਿਹਾਅ ਕਰਵਾਉਣ ਵਰਗੀਆਂ ਭਖਦੀਆਂ ਮੰਗਾਂ ਉੱਤੇ ਕੇਂਦਰਤ ਹੈ।