ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 25 ਫਰਵਰੀ 2021-ਜ਼ਿਲ੍ਹੇ ਦੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਖੇ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਨੇ ਜ਼ਿਲ੍ਹਾ ਅਟਾਰਟੀ ਸੰਦੀਪ ਗਿਰਧਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਿ੍ਰਤਕਾ ਦੇ ਸਹੁਰੇ ਕਸ਼ਮੀਰ ਸਿੰਘ ਉਰਫ ਕਾਲੀ ਨੂੰ ਉਮਰ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਜੁਰਮਾਨਾ ਅਦਾ ਨਾ ਹੋਣ ’ਤੇ ਸਜ਼ਾ ਵਿੱਚ 6 ਮਹੀਨੇ ਦਾ ਵਾਧਾ ਹੋਵੇਗਾ, ਜਦੋਂ ਕਿ ਪਤੀ ਸੰਦੀਪ ਸਿੰਘ ਨੂੰ ਜੁਰਮ ਸਾਬਤ ਨਾ ਹੋਣ ’ਤੇ ਬਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 10 ਜੂਨ 2017 ਨੂੰ ਮੱਖਣ ਸਿੰਘ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਨੇ ਬਰੀਵਾਲਾ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਉਸਦੀ ਲੜਕੀ ਰਿੰਪਲ ਰਾਣੀ ਕਰੀਬ ਸੱਤ ਸਾਲ ਪਹਿਲਾਂ ਸੰਦੀਪ ਸਿੰਘ ਨਾਲ ਵਿਆਹੀ ਸੀ, ਉਸਦੇ ਦੋ ਬੱਚੇ ਹਨ। ਉਸਨੇ ਦੱਸਿਆ ਕਿ ਰਿੰਪਲ ਰਾਣੀ ਨੂੰ ਉਸਦਾ ਸਹੁਰਾ ਕਸ਼ਮੀਰ ਸਿੰਘ, ਸੱਸ ਬਲਵਿੰਦਰ ਕੌਰ, ਪਤੀ ਸੰਦੀਪ ਸਿੰਘ ਅਕਸਰ ਹੀ ਲੜਾਈ ਝਗੜਾ ਕਰਦੇ ਰਹਿੰਦੇ ਸਨ, ਕਿਉਂਕਿ ਉਸਦੀ ਸੱਸ ਦੇ ਆਪਣੇ ਦਿਓਰ ਅੰਗਰੇਜ਼ ਸਿੰਘ ਨਾਲ ਕਥਿਤ ਤੌਰ ’ਤੇ ਨਜਾਇਜ਼ ਸਬੰਧ ਸਨ ਤੇ ਉਸਦੀ ਲੜਕੀ ਉਨ੍ਹਾਂ ਨੂੰ ਵਰਜਦੀ ਸੀ। ਇਸ ਤੋਂ ਖਫ਼ਾ ਹੋ ਕੇ ਕਸ਼ਮੀਰ ਸਿੰਘ, ਬਲਵਿੰਦਰ ਕੌਰ, ਸੰਦੀਪ ਸਿੰਘ ਤੇ ਅੰਗਰੇਜ਼ ਸਿੰਘ ਨੇ ਰਿੰਪਲ ਰਾਣੀ ਦਾ ਕਤਲ ਕਰ ਦਿੱਤਾ। ਇਸ ਸਬੰਧ ਵਿੱਚ ਥਾਣਾ ਬਰੀਵਾਲਾ ਦੀ ਪੁਲਸ ਨੇ ਇੰਨ੍ਹਾਂ ਚਾਰਾਂ ਦੋਸ਼ੀਆਂ ਖਿਲਾਫ ਧਾਰਾ 302, 120 ਬੀ, 34 ਆਈਪੀਸੀ ਤਹਿਤ ਮੁਕੱਦਮਾ ਕਰਕੇ ਮਾਮਲਾ ਅਦਾਲਤ ਹਵਾਲੇ ਕਰ ਦਿੱਤਾ। ਜ਼ਿਲ੍ਹਾ ਅਟਾਰਟੀ ਸੰਦੀਪ ਗਿਰਧਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਕਸ਼ਮੀਰ ਸਿੰਘ ਨੂੰ ਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ, ਜਦੋਂ ਕਿ ਇਸ ਕੇਸ ਵਿੱਚ ਸ਼ਾਮਲ ਇੱਕ ਦੋਸ਼ੀ ਜੋ ਮਿ੍ਰਤਕ ਦਾ ਚਾਚਾ ਸਹੁਰਾ ਅੰਗਰੇਜ਼ ਸਿੰਘ ਦੀ ਮੁਕਦਮੇ ਦੌਰਾਨ ਮੌਤ ਹੋ ਗਈ ਸੀ ਅਤੇ ਮਿ੍ਰਤਕ ਦੀ ਸੱਸ ਬਲਵਿੰਦਰ ਕੌਰ ਅਜੇ ਤੱਕ ਪੁਲਸ ਦੀ ਗਿ੍ਰਫਤ ’ਚ ਨਹੀਂ ਆਈ।