ਅਸ਼ੋਕ ਵਰਮਾ
ਬਠਿੰਡਾ, 25 ਫਰਵਰੀ 2021: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਯੂਨੀਵਰਸਿਟੀ ਦੇ 12ਵੇਂ ਸਥਾਪਨਾ ਦਿਵਸ ਦੇ ਮੌਕੇ 8 ਰੋਜਾ ਸਮਾਗਮਾਂ ਦੀ ਲੜੀ ਤਹਿਤ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ਘੁੱਦਾ ਕੈਂਪਸ ਵਿਖੇ ਕਰਵਾਈ 9ਵੀਂ ਦੋ ਰੋਜਾ ਸਲਾਨਾ ਖੇਡ੍ਹ ਅਤੇ ਅਥਲੈਟਿਕਸ ਮੀਟ ਸਫਲਤਾ ਪੂਰਵਕ ਸਮਾਪਤ ਹੋ ਗਈ। ਅੱਜ ਦੇ ਸਮਾਪਤੀ ਸਮਾਗਮ ਦੌਰਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਕੈਪਟਨ ਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਐਸਪੀ ਰਾਜਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੋ ਰੋਜਾ ਖੇਡ੍ਹੇ ਸਮਾਗਮ ਦੌਰਾਨ ਪੰਜਾਬ ਦੀਆਂ ਰਵਾਇਤੀ ਖੇਡਾਂ ਪਿੱਠੂ ਗਰਮ, ਕਬੱਡੀ, ਕੋਟਲਾ ਛਪਾਕੀ, ਰੱਸਾਕਸ਼ੀ, ਸਟੈਪੂ, ਗੁੱਲੀ ਡੰਡਾ ਅਤੇ ਗਿੱਟਾ ਆਦਿ ਖਿੱਚ੍ਹ ਦਾ ਕੇਂਦਰ ਰਹੀਆਂ। ਉਂਜ ਅੱਜ ਡਿਸਕਸ ਥਰੋਅ, ਲੰਬੀ ਛਾਲ, ਸ਼ਾਟ ਪੱੁਟ, ਵਾਲੀਬਾਲ, ਕਿ੍ਰਕਟ, 50 ,10 ਅਤੇ 200 ਮੀਟਰ ਦੌੜ ਮੁਕਾਬਲੇ ਵੀ ਕਰਵਾਏ ਗਏ।
ਅੱਜ ਸਮਾਪਤੀ ਮੌਕੇ ਕਬੱਡੀ ਦੇ ਫਾਈਨਲ ਅਤੇ 50 ਮੀਟਰ ਦੌੜ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਖੇਡ੍ਹਾਂ ’ਚ ਪੂਰੇ ਜੋਸ਼ੋ ਖਰੋਸ਼ ਨਾਲ ਭਾਗ ਲੈਣ ਵਾਲੀਆਂ ਟੀਮਾਂ ਦੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ । ਮੁੱਖ ਮਹਿਮਾਨ ਰਾਜਪਾਲ ਸਿੰਘ ਨੇ ਨੌਜਵਾਨਾਂ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਆਪਣੀ ਜਿੰਦਗੀ ’ਚ ਖੇਡ੍ਹਾਂ ਨੂੰ ਅਪਨਾਉਣ ਲਈ ਆਖਿਆ। ਉਨ੍ਹਾਂ ਐਥਲੀਟਾਂ ਨੂੰ ਵਧਾਈ ਦਿੱਤੀ ਅਤੇ ਜੇਤੂਆਂ ਨੂੰ ਮੈਡਲ ਵੀ ਵੰਡੇ।