← ਪਿਛੇ ਪਰਤੋ
ਦੀਪਕ ਜੈਨ ਜਗਰਾਓਂ 25 ਫਰਵਰੀ 2021: ਨਗਰ ਕੌਂਸਲ ਜਗਰਾਓਂ ਜੋਕਿ ਹਮੇਸ਼ਾ ਆਪਣੇ ਘਪਲਿਆਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ ਅਤੇ ਹਮੇਸ਼ਾ ਇਸਦੇ ਸਿਰ ਕੋਈ ਨਾ ਕੋਈ ਭ੍ਰਿਸ਼ਟਾਚਾਰ ਦਾ ਆਰੋਪ ਲੱਗਿਆ ਰਹਿੰਦਾ ਹੈ। ਪਿਛਲੇ ਸਮੇ ਵਿੱਚ ਨਗਰ ਕੌਂਸਲ ਵਿਚ ਹੋਏ ਕਥਿਤ ਕਰੋੜਾਂ ਰੁਪਏ ਦੇ ਘਪਲੇ ਸੰਬੰਧੀ ਆਮ ਆਦਮੀ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਗੋਪੀ ਸ਼ਰਮਾ ਵਲੋਂ ਮੁੱਖਮੰਤਰੀ ਨੂੰ ਕਾਰਵਾਈ ਕਰਨ ਸੰਬੰਧੀ ਚਿੱਠੀ ਲਿਖੀ ਗਈ ਸੀ ਅਤੇ ਹੁਣ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਂਚ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਗੋਪੀ ਸ਼ਰਮਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਓਨਾ ਵਲੋਂ ਹਮੇਸ਼ਾ ਹੀ ਨਗਰ ਕੌਂਸਲ ਵਿਚ ਹੋਏ ਘਪਲਿਆਂ ਖਿਲਾਫ ਕਾਰਵਾਈ ਕਰਨ ਲਈ ਉਠਾਈ ਜਾਂਦੀ ਰਹੀ ਹੈ ਅਤੇ ਪਿਛਲੇ ਸਮੇ ਵਿਚ ਹੋਏ ਕਰੋੜਾਂ ਦੇ ਕਥਿਤ ਘਪਲਿਆਂ ਸੰਬੰਧੀ ਅਫਸਰਾਂ ਅਤੇ ਮੁੱਖਮੰਤਰੀ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਸੀ। ਘਪਲੇ ਸੰਬੰਧੀ ਜਾਣਕਾਰੀ ਦਿੰਦਿਆਂ ਗੋਪੀ ਸ਼ਰਮਾ ਨੇ ਦੱਸਿਆ ਕਿ ਮਿਤੀ 31-7-2020 ਨੂੰ 8.12 ਕਰੋੜ ਅਤੇ ਮਿਤੀ 5-10-2020 ਨੂੰ ਲੱਗੇ 2 ਕਰੋੜ ਦੇ ਟੈਂਡਰਾਂ ਵਿਚ ਘਪਲਾ ਹੋਇਆ ਸੀ ਅਤੇ ਦਸਿਆ ਕਿ ਇਹ ਟੈਂਡਰ ਜੋ ਠੇਕੇਦਾਰ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ ਓਨਾ ਨੂੰ ਵੀ ਦੇ ਦਿੱਤੇ ਗਏ। ਗੋਪੀ ਨੇ ਇਹ ਵੀ ਦਸਿਆ ਕਿ ਅਫਸਰਾਂ ਨੇ ਸਾਰੇ ਕਾਨੂੰਨਾਂ ਨੂੰ ਛਿਕੇ ਟੰਗਦਿਆਂ ਮਿਲੀਭੁਗਤ ਨਾਲ 1.5 ਕਰੋੜ ਦੇ ਲੇਬਰ ਅਤੇ ਵਿਕਾਸ ਦੇ ਕੰਮ ਇੱਕੋ ਠੇਕੇਦਾਰ ਨੂੰ ਦੇ ਦਿੱਤੇ। ਸ਼ਰਮਾ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਨਗਰ ਕੌਂਸਲ ਜਗਰਾਓਂ ਵਿਚ ਟੈਂਡਰ ਲਗਾਉਣ ਦਾ ਕੰਮ ਇਕ ਠੇਕੇਦਾਰ ਵਲੋਂ ਰੱਖੇ ਕਰਮਚਾਰੀ ਆਪਣੇ ਨਿਜੀ ਲੈਪਟਾਪ 'ਤੇ ਓਪਨ ਟੈਂਡਰ ਨਾ ਲਗਾਕੇ ਲਿਮਿਟਿਡ ਟੈਂਡਰ ਹੀ ਲਗਾਏ ਗਏ ਸਨ ਜਿਸ ਵਿਚ ਕੇਵਲ ਇਕ ਠੇਕੇਦਾਰ ਅਤੇ ਉਸਦੀ ਸੋਸਾਇਟੀ ਜਗਰਾਓਂ ਫਰੈਂਡਸ ਕਮ੍ਪਨੀ ਅਤੇ ਉਸਦੇ ਰਿਸ਼ਤੇਦਾਰ ਹੀ ਨਜਰ ਆਏ। ਸ਼ਰਮਾ ਅਨੁਸਾਰ ਨਗਰ ਕੌਂਸਲ ਵਲੋਂ ਟੈਂਡਰ ਲਗਾਉਣ ਲਈ ਨਵੀਂ ਪ੍ਰਣਾਲੀ ਟੈਕਨੀਕਲ ਬਿਡ ਹੁੰਦੀ ਹੈ ਅਤੇ ਬਕਾਇਦਾ ਟੈਂਡਰ ਖੋਲਣ ਤੋਂ ਪਹਿਲਾਂ ਟੈਕਨੀਕਲ ਬਿੱਡ ਖੋਲਣ ਦੀ ਮਿਤੀ ਪਾਈ ਹੁੰਦੀ ਹੈ ਤਾਂ ਜੋ ਠੇਕੇਦਾਰ ਜਾ ਸੋਸਾਇਟੀ ਦੀ ਪੜਤਾਲ ਕੀਤੀ ਜਾ ਸਕੇ ਪਰ ਨਗਰ ਕੌਂਸਲ ਦੇ ਅਫਸਰਾਂ ਵਲੋਂ ਪੜਤਾਲ ਕਰਕੇ ਟੈਂਡਰ ਖੋਲ੍ਹੇ ਗਏ ਅਤੇ ਆਪਣੇ ਚਹੇਤੇ ਠੇਕੇਦਾਰ ਨੂੰ ਟੈਂਡਰ ਅਲਾਟ ਕਰਨ ਦੀ ਕੋਸਿਸ ਕੀਤੀ ਗਈ ਹੈ। ਨਗਰ ਕੌਂਸਲ ਵਿਖੇ ਐਕਸੀਅਨ ਦੀ ਪੋਸਟ ਨਾ ਹੋਣ ਕਰਕੇ ਖੰਨਾ ਕਮੇਟੀ ਦੇ ਐਕਸੀਅਨ ਕੁਲਵਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ। ਪਰ ਨਗਰ ਕੌਂਸਲ ਜਗਰਾਓਂ ਵਲੋਂ ਜੋ ਟੈਂਡਰ ਲਗਾਏ ਜਾਂਦੇ ਹਨ ਅਤੇ ਖੋਲੇ ਜਾਂਦੇ ਹਨ ਓਨਾ ਦੀ ਐਨ.ਆਈ ਟੀ ਤੋ ਬਾਅਦ ਟੈਕਨੀਕਲ ਬਿਡ ਤੇ ਅਤੇ ਬਾਅਦ ਵਿਚ ਖੋਲੇ ਗਏ ਟੈਂਡਰ ਤੇ ਐਕਸੀਅਨ ਦੇ ਦਸਖ਼ਤ ਹੋਣੇ ਜਰੂਰੀ ਹਨ ਜੋ ਕਿ ਇਹ ਟੈਂਡਰ ਓਨਾ ਦੀ ਮਨਜੂਰੀ ਤੋਂ ਬਿਨਾ ਲਗਾ ਦਿਤੇ ਗਏ। ਗੋਪੀ ਸ਼ਰਮਾ ਨੇ ਦੱਸਿਆ ਕਿ ਠੇਕੇਦਾਰ ਕੋਲ ਨਗਰ ਕੌਂਸਲ ਦੀ ਰਸੀਦ ਕਟਵਾਈ ਹੋਈ ਹੈ ਅਤੇ ਉਸਦੀ ਮਿਆਦ ਵੀ ਖ਼ਤਮ ਹੋ ਚੁਕੀ ਹੈ ਅਤੇ ਇਸਦੇ ਉਪਰੰਤ ਵੀ ਨਗਰ ਕੌਂਸਲ ਜਗਰਾਓਂ ਆਪਣੇ ਚਹੇਤੇ ਠੇਕੇਦਾਰ ਨੂੰ ਖੁਸ਼ ਕਰ ਰਹੀ ਹੈ। ਗੋਪੀ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
Total Responses : 189