ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ 2021-ਸਥਾਨਕ ਸ਼ਹਿਰ ਅੰਦਰ ਚੋਰੀ, ਲੁੱਟਮਾਰ ਤੇ ਝਪਟਮਾਰੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਆਏ ਦਿਨ ਸ਼ਹਿਰ ਦੇ ਕਿਸੇ ਨਾ ਕਿਸੇ ਪਾਸਿਓਂ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਕਿਤੇ ਚੋਰ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ ਤਾਂ ਦੂਜੇ ਪਾਸੇ ਰਾਹ ਜਾਂਦਿਆਂ ਤੋਂ ਲੁੱਟਖ਼ੋਹ ਤੇ ਝਪਟਮਾਰੀ ਦੀਆਂ ਵਾਰਦਾਤਾਂ ਵੀ ਜਾਰੀ ਹਨ, ਜਿਸਦੇ ਚੱਲਦਿਆਂ ਲੋਕਾਂ ਵਿੱਚ ਜਿੱਥੇ ਅਜਿਹੇ ਸ਼ਰਾਰਤੀ ਅਨਸਰਾਂ ਪ੍ਰਤੀ ਖ਼ੌਫ਼ ਪਾਇਆ ਜਾ ਰਿਹਾ ਹੈ, ਉਥੇ ਹੀ ਲੋਕ ਹੁਣ ਸਥਾਨਕ ਪੁਲਸ ਪ੍ਰਸ਼ਾਸ਼ਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਚੁੱਕਣ ਲੱਗੇ ਹਨ। ਭਾਵੇਂ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਰ ਆਏ ਦਿਨ ਅਜਿਹੀਆਂ ਵਾਰਦਾਤਾਂ ਦਾ ਸਾਹਮਣੇ ਆਉਣਾ ਕਿਤੇ ਨਾ ਕਿਤੇ ਪੁਲਸ ਪ੍ਰਸ਼ਾਸ਼ਨ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਵਰਣਨਯੋਗ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਚਿੱਟੇ ਦਿਨ ਹੀ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਪੁਲਸ ਵੱਲੋਂ ਸ਼ਹਿਰ ਭਰ ਅੰਦਰ ਸੁਰੱਖਿਆ ਵਧਾਈ ਜਾਵੇ ਤਾਂ ਜੋ ਲੋਕ ਬਿਨਾਂ ਖੌਫ਼ ਤੋਂ ਸੜਕਾਂ ’ਤੇ ਨਿਕਲ ਸਕਣ।
ਡਿਊਟੀ ’ਤੇ ਜਾ ਰਹੀ ਔਰਤ ਤੋਂ ਝਪਟਮਾਰਾਂ ਨੇ ਖ਼ੋਹੇ ਦੋ ਮੋਬਾਇਲ ਫ਼ੋਨ
ਇਸੇ ਤਰ੍ਹਾਂ ਦਾ ਮਾਮਲਾ ਸਥਾਨਕ ਸ਼ਹਿਰ ਅੰਦਰ ਇੱਕ ਹੋਰ ਸਾਹਮਣੇ ਆਇਆ ਹੈ, ਜਿੱਥੇ ਡਿਊਟੀ ’ਤੇ ਜਾ ਰਹੀ ਇੱਕ ਔਰਤ ਤੋਂ ਝਪਟਮਾਰ ਦੋ ਮੋਬਾਇਲ ਫ਼ੋਨ ਖ਼ੋਹ ਕੇ ਫ਼ਰਾਰ ਹੋ ਗਏ। ਭਾਵੇਂਕਿ ਪੁਲਸ ਨੇ ਝਪਟਮਾਰ ਦੀ ਪਛਾਣ ਕਰਕੇ ਕਾਬੂ ਕੀਤਾ ਹੈ, ਪਰ ਫ਼ਿਰ ਵੀ ਅਜਿਹੀਆਂ ਘਟਨਾਵਾਂ ਦਾ ਖੌਫ਼ ਲੋਕਾਂ ਦੇ ਮਨਾਂ ’ਤੇ ਸਾਫ਼ ਵੇਖਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ ਨਜ਼ਦੀਕ ਸਥਿਤ ਗੁਰੂ ਨਾਨਕ ਹਸਪਤਾਲ ਵਿਖੇ ਕੰਮ ਕਰਦੀ ਮੁਲਾਜ਼ਮ ਮਨਪ੍ਰੀਤ ਕੌਰ ਪੁੱਤਰੀ ਜਗਮੀਤ ਸਿੰਘ ਵਾਸੀ ਪਿੰਡ ਚੱਕ ਤਾਮਕੋਟ, ਜੋ ਸਵੇਰੇ ਸਾਢੇ ਦਸ ਵਜੇ ਡਿਊਟੀ ’ਤੇ ਜਾ ਰਹੀ ਸੀ, ਅਚਾਨਕ ਦੋ ਨੌਜਵਾਨ ਆਏ, ਜੋ ਮਨਪ੍ਰੀਤ ਦੇ ਹੱਥ ਵਿੱਚ ਫੜ੍ਹੇ ਦੋ ਸੈਮਸੰਗ ਕੰਪਨੀ ਦੇ ਫ਼ੋਨ ਝਪਟਕੇ ਫ਼ਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਤੇ ਝਪਟਮਾਰਾਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਦੀ ਪਛਾਣ ਮਨੀਸ਼ ਕੁਮਾਰ ਪੁੱਤਰ ਕੁੱਕੂ ਵਾਸੀ ਆਦਰਸ਼ ਨਗਰ ਤੇ ਮੰਗਤ ਰਾਮ ਪੁੱਤਰ ਦਰਸ਼ਨ ਲਾਲ ਵਾਸੀ ਖੇੜਾ ਕਲੋਨੀ ਵਜੋਂ ਹੋਈ ਹੈ।