ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 26 ਫਰਵਰੀ 2021-ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਦੇ ਸਿਰ ਮਿਸ਼ਨ ਸੌ ਪ੍ਰਤੀਸ਼ਤ ਦਾ ਭੂਤ ਇਸ ਤਰ੍ਹਾਂ ਸਵਾਰ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੇ ਪਹਿਲਾਂ ਤਾਂ ਉਕਤ ਮਿਸ਼ਨ ਦੀ ਪ੍ਰਾਪਤੀ ਲਈ ਹਰੇਕ ਅਧਿਆਪਕ ਨੂੰ ਬੋਰਡ ਦੀਆਂ ਜਮਾਤਾਂ ਦੇ ਘੱਟ-ਘੱਟ 5 ਬੱਚੇ ਗੋਦ ਲੈਣ ਅਤੇ ਲਈ ਕਿਹਾ ਗਿਆ, ਹੁਣ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਹਰੇਕ ਅਧਿਆਪਕ ਸਵੇਰ ਹੋਣ ਤੋਂ ਪਹਿਲਾਂ ਬੱਚਿਆਂ ਨੂੰ ਸੁੱਤਿਆਂ ਜਗ੍ਹਾ ਕੇ ਪੜ੍ਹਨ ਲਈ ਪ੍ਰੇਰਿਤ ਕਰੇਗਾ ਅਤੇ ਕੀਤੇ ਗਏ ਫੋਨ ਦਾ ਰਿਕਾਰਡ ਗੂਗਲ ਸ਼ੀਟ ਵਿੱਚ ਵੀ ਦਰਜ ਕਰੇਗਾ। ਇੰਨ੍ਹਾਂ ਹੁਕਮਾਂ ਦੀ ਪਾਲਣਾ ਹਿੱਤ ਸਕੂਲ ਮੁਖੀਆਂ ਵੱਲੋਂ ਵੀ ਫੁਰਤੀ ਦਿਖਾਉਦਿਆਂ ਇਸ ਮੈਸੇਜ ਨੂੰ ਆਪਣੇ ਅਧੀਨ ਸਕੂਲ ਅਧਿਆਪਕਾਂ ਕੋਲ ਭੇਜ ਦਿੱਤਾ ਗਿਆ ਹੈ ਅਧਿਆਪਕਾਂ ਦੀ ਪ੍ਰਤੀਨਿਧ ਜੱਥੇਬੰਦੀ ਡੈਮੋਕ੍ਰੇਟਿਕ ਟੀਚ੍ਰਜ਼ ਫਰੰਟ ਨੇ ਇੰਨ੍ਹਾਂ ਨਾਦਰਸ਼ਾਹੀ ਹੁਕਮਾਂ ਦਾ ਤਿੱਖਾ ਵਿਰੋਧ ਕਰਦਿਆਂ ਦੱਸਿਆ ਕਿ ਵਿਭਾਗ ਦੀ ਅਫਸਰਸ਼ਾਹੀ ਅਧਿਆਪਕਾਂ ਨਾਲ ਬੰਧੂਆ ਮਜਦੂਰਾਂ ਵਾਲਾ ਵਿਵਹਾਰ ਕਰ ਰਹੀ ਹੈ। ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲਾ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਕਿਹਾ ਕਿ ਪੂਰਾ ਸਾਲ ਵਿਭਾਗ ਵੱਲੋਂ ਕੇਵਲ ਪੇਪਰ ਲੈਣ ਦੀ ਕਵਾਇਦ ਹੀ ਜਾਰੀ ਰੱਖੀ ਗਈ ਹੈ ਜਾਂ ਫਿਰ ਜੂਮ ਮੀਟਿੰਗਾਂ ਕਰਕੇ ਪੁਰਾਣੀ ਦਾਲ ਨੂੰ ਵਾਰ-ਵਾਰ ਨਵਾਂ ਤੜਕਾ ਲਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਧਿਆਪਕ ਸਕੂਲ ਵਿੱਚ ਹਾਜ਼ਰ ਹੋਣ ਦੇ ਬਾਵਜੂਦ ਵੀ ਆਪਣੀਂ ਇੱਛਾ ਅਨੁਸਾਰ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਾ ਸਕਦੇ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸਕੂਲ ਪੂਰੀ ਤਰ੍ਹਾਂ ਖੁੱਲ੍ਹੇ ਹੋਣ ਦੇ ਬਾਵਜੂਦ ਵੀ ਆਨ ਲਾਈਨ ਸਿੱਖਿਆ ’ਤੇ ਜ਼ੋਰ ਦੇ ਕੇ ਵਿਭਾਗ ਸਿੱਖਣ ਪ੍ਰਕਿਰਿਆ ਵਿਚੋਂ ਅਧਿਆਪਕ ਦੀ ਭੂਮਿਕਾ ਨੂੰ ਮਨਫੀ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੇ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਜੱਥੇਬੰਦੀ ਨਾਲ ਡੈਪੂਟੇਸ਼ਨਾਂ ਦੌਰਾਨ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਦੇ ਬਾਵਜੂਦ ਵੀ ਕੋਈ ਫੈਸਲਾ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਵਾਰ ਤਬਾਦਲਾ ਨੀਤੀ ਵਿੱਚ ਅਨੇਕਾਂ ਮਿਡਲ ਅਤੇ ਹਾਈ ਸਕੂਲਾਂ ਦੇ ਖਾਲੀ ਸਟੇਸ਼ਨਾਂ ਨੂੰ ਦਿਖਾਇਆ ਨਹੀਂ ਗਿਆ, ਜਿਸ ਕਾਰਨ ਅਨੇਕਾਂ ਲੋੜਵੰਦ ਅਧਿਆਪਕ ਬਦਲੀਆਂ ਦੇ ਹੱਕ ਤੋਂ ਵਾਂਝੇ ਰਹਿਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਅਜਿਹੀਆਂ ਧੱਕੇਸ਼ਾਹੀਆਂ ਖਿਲਾਫ਼ ਸਖਤ ਰੋਸ ਹੈ। ਆਗੂਆਂ ਨੇ 28 ਫਰਵਰੀ ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਰੈਲੀ ਵਿੱਚ ਪਟਿਆਲਾ ਵਿਖੇ ਡੀਟੀਐਫ਼ ਦੀ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਜ਼ਿਲਾ ਵਿੱਤ ਸਕੱਤਰ ਮਨੋਜ ਬੇਦੀ, ਲੰਬੀ ਬਲਾਕ ਦੇ ਪ੍ਰਧਾਨ ਕੁਲਦੀਪ ਸ਼ਰਮਾ, ਮਲੋਟ ਦੇ ਪ੍ਰਧਾਨ ਵਰਿੰਦਰ ਬਾਹਿਲ, ਗਿੱਦੜਬਾਹਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਪਿਉਰੀ, ਮੁਕਤਸਰ 1 ਦੇ ਪ੍ਰਧਾਨ ਨਰਿੰਦਰ ਬੇਦੀ, ਮੁਕਤਸਰ 2 ਦੇ ਪ੍ਰਧਾਨ ਬੂਟਾ ਸਿੰਘ ਵਾਕਫ਼, ਦੋਦਾ ਦੇ ਪ੍ਰਧਾਨ ਪਰਮਿੰਦਰ ਖੋਖਰ ਤੋ ਬਿਨਾਂ ਜ਼ਿਲਾ ਕਮੇਟੀ ਮੈਂਬਰ ਹਰਬੰਸ ਲਾਲ ਸੁਖਨਾ, ਪਰਮਿੰਦਰ ਹਰੀਕੇ ਸੁਰਿੰਦਰ ਸੇਤੀਆ, ਗੁਰਜੀਤ ਸੋਢੀ, ਜਗਦੀਪ ਬਿੱਟੂ, ਵਰਿੰਦਰ ਜੀਤ ਬਿੱਟਾ, ਬਲਵਿੰਦਰ ਦੌਲਾ, ਤਰਸੇਮ ਵਣ ਵਾਲਾ, ਰਜੇਸ਼ ਕਾਮਰਾ, ਨੀਰਜ ਬਜਾਜ ਵੀ ਹਾਜ਼ਰ ਸਨ।