ਅਸ਼ੋਕ ਵਰਮਾ
ਬਠਿੰਡਾ/ਮਾਨਸਾ, 26 ਫਰਵਰੀ 2021 - ਮਜਦੂਰ ਮੁਕਤੀ ਮੋਰਚਾ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇ-ਜਮੀਨੇ ਦਲਿਤਾਂ ਗਰੀਬਾਂ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਾਉਣ,ਇੱਕ ਮਾਰਚ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਬਜਟ ਇਜਲਾਸ ਵਿੱਚ ਮਜਦੂਰ ਮੰਗਾਂ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਰਾਹੀ ਕੈਪਟਨ ਸਰਕਾਰ ਨੂੰ ਮੰਗ ਪੱਤਰ ਭੇਜੇ । ਇਸ ਸਮੇਂ ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਬਜਟ ਇਜਲਾਸ ਵਿੱਚ ਮਜਦੂਰ ਵਰਗ ਨੂੰ ਨਜ਼ਰ ਅੰਦਾਜ ਕੀਤਾ ਤਾਂ 26 ਮਾਰਚ ਨੂੰ ਕੈਪਟਨ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ। ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ ਅਤੇ ਜਿਲ੍ਹਾ ਪ੍ਰਧਾਨ ਕਾਮਰੇਡ ਪਿ੍ਰਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਪੂੰਜੀਪਤੀ ਪੱਖੀ ਨੀਤੀਆਂ ਕਾਰਨ ਮਹਿੰਗਾਈ ਤੇ ਬੇਰੁਜਗਾਰੀ ਦੇਸ਼ ਅੰਦਰ ਅਸਮਾਨ ਨੂੰ ਛੂਹ ਰਹੀ ਹੈ।
ਉਹਨਾਂ ਕਿਹਾ ਕਿ ਹੁਣ ਲੂਣ ਵੀ ਆਟੇ ਤੋਂ ਮਹਿੰਗਾ ਹੋ ਚੁੱਕਿਆ ਹੈ ਅਤੇ ਦੇਸ਼ ਅੰਦਰ ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਰੋਜਾਨਾ ਦੀਆਂ ਵਰਤੋ ਵਾਲੀਆਂ ਚੀਜਾਂ ਸਰੋਂ ਦਾ ਤੇਲ ਦਾ ਤੇਲ 90 ਤੋਂ 150 ਰੁਪਏ ਲੀਟਰ ਦਾਲਾਂ,ਹਲਦੀ ਮਿਰਚ ਮਸਾਲਾ ਪਿਆਜ ਸ਼ਬਜੀਆਂ ਸਮੇਤ ਰੋਜਾਨਾ ਖਾਣ ਪੀਣ ਵਾਲਿਆ ਵਸਤਾਂ ਚੀਜਾਂ ਦੇ ਭਾਅ ਐਨੇ ਵਧ ਗਏ ਹਨ ਕਿ ਗਰੀਬਾਂ ਦੀ ਜਿੰਦਗੀ ਨਰਕ ਬਣ ਗਈ ਹੈ। ਉਹਨਾਂ ਕਿਹਾ ਕਿ ਮਹਿੰਗਾਈ ਅਤੇ ਬੇਰੁਜਗਾਰੀ ਦੇ ਭਾਰ ਹੇਠ ਦੱਬੇ ਬੇਜਮੀਨੇ ਗਰੀਬਾਂ ਉੱਪਰ ਕਰਜਿਆਂ ਦਾ ਭਾਰ ਲਗਾਤਾਰ ਵਧ ਰਿਹਾ ਹੈ ਪਰ ਕੈਪਟਨ ਸਰਕਾਰ ਵੱਲੋਂ ਗਰੀਬਾਂ ਦੇ ਕਰਜੇ ਮਾਫ ਕਰਨ ਲਈ 530 ਕਰੋੜ ਦਾ ਐਲਾਨ ਕਰਨ ਦੇ ਬਾਵਜੂਦ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਜੋਕਿ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਜਾਹਰ ਕਰਦਾ ਹੈ।
ਉਹਨਾਂ ਕਿਹਾ ਕਿ ਬਜਟ ਸ਼ੈਸ਼ਨ ਵਿੱਚ ਸਰਕਾਰ ਬੇਜਮੀਨੇ ਮਜਦੂਰਾਂ ਔਰਤਾਂ ਸਿਰ ਚੜ੍ਹੇ ਕਰਜੇ ਮਾਫ ਕਰੇ,ਖੇਤੀ ਕਾਨੂੰਨਾਂ ਦੀ ਤਰ੍ਹਾਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵੀ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਰੱਦ ਕੀਤੀਆਂ ਜਾਣ,ਪੰਜਾਬ ਅੰਦਰ ਕਿਸਾਨਾਂ ਦੀ ਤਰ੍ਹਾਂ ਮਜਦੂਰਾਂ ਲਈ ਕਿਰਤੀ ਸਹਿਕਾਰੀ ਸੁਸਾਇਟੀਆਂ ਸਥਾਪਿਤ ਕਰਕੇ ਗਰੀਬਾਂ ਨੂੰ ਕਰਜੇ ਅਤੇ ਰੋਜਾਨਾ ਦੀਆਂ ਲੋੜੀਦੀਆਂ ਚੀਜਾਂ ਸਸਤੇ ਤੇ ਦਿੱਤੀਆਂ ਜਾਣ,ਗਰੀਬਾਂ ਨੂੰ ਆਏ ਹਜਾਰਾਂ ਰੁਪਏ ਦੇ ਘਰੇਲੂ ਬਿਜਲੀ ਬਿੱਲ ਮਾਫ , ਬਿਜਲੀ ਰੇਟ ਅੱਧੇ,ਦਲਿਤ ਵਿਦਿਆਰਥੀਆਂ ਦੇ ਰੁਕੇ ਵਜੀਫੇ ਤੁਰੰਤ ਜਾਰੀ ਅਤੇ ਪੇਂਡੂ ਅਤੇ ਸ਼ਹਿਰੀ ਬੇਜਮੀਨੇ ਬੇ-ਘਰੇ ਲੋਕਾਂ ਨੂੰ ਰਿਹਾਇਸ਼ੀ ਪਲਾਂਟ ‘ਤੇ ਘਰ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ,ਪਿੰਡਾਂ ਅਤੇ ਸ਼ਹਿਰਾਂ ਅੰਦਰ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ , ਟੂਟੀਆਂ ਦੇ ਆਏ ਬਿੱਲ ਮਾਫ ਅਤੇ ਚੋਣ ਵਾਅਦੇ ਤੁਰੰਤ ਪੂਰੇ ਕੀਤੇ ਜਾਣ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਬਜਟ ਸ਼ੈਸ਼ਨ ਇਹ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ 26 ਮਾਰਚ ਨੂੰ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ।ਇਸ ਮੌਕੇ ਜਿਲਾ ਮੀਤ ਪ੍ਰਧਾਨ ਜਸਵੰਤ ਸਿੰਘ ਪੂਹਲੀ, ਸਕੱਤਰ ਸੁਖਜੀਵਨ ਸਿੰਘ ਮੌੜ ਚੜਤ ਸਿੰਘ ਵਾਲਾ,ਕਰਮਜੀਤ ਕੌਰ ਮੌੜ, ਗਿਆਰਸੀ ਦੇਵੀ,ਬਿੰਦਰ ਸਿੰਘ ਪੂਹਲਾ ਅਤੇ ਚਰਨਜੀਤ ਕੌਰ ਨਥਾਣਾ ਆਦਿ ਨੇ ਵੀ ਸੰਬੋਧਨ ਕੀਤਾ।