ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ 2021-ਜ਼ਿਲ੍ਹੇ ਦੇ ਪਿੰਡ ਥਾਂਦੇਵਾਲਾ ਵਿਖੇ ਪਿਛਲੇਂ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਸਨ ਤੇ ਚੋਰਾਂ ਵੱਲੋਂ ਆਂਗਣਵਾੜੀ ਸੈਂਟਰਾਂ, ਸਰਕਾਰੀ ਸਕੂਲਾਂ ਤੇ ਹੋਰਨਾਂ ਥਾਵਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਜਿਸ ਕਰਕੇ ਇੰਨ੍ਹਾਂ ਅਦਾਰਿਆਂ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਅਤੇ ਪਿੰਡ ਵਾਸੀ ਬਹੁਤ ਤੰਗ ਆਏ ਹੋਏ ਸਨ। ਇਸੇ ਸਿਲਸਿਲੇ ਤਹਿਤ ਬੀਤੀ ਰਾਤ ਵੀ ਚੋਰਾਂ ਨੇ ਫੋਕਲ ਪੁਆਇੰਟ ਨੇੜੇ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਰਾਂਚ ਵਿੱਚ ਮੌਜੂਦ ਆਂਗਣਵਾੜੀ ਸੈਂਟਰ, ਜਿਸ ਨੂੰ ਵਰਕਰਾਂ ਸਤਵਿੰਦਰ ਕੌਰ, ਬਲਜੀਤ ਕੌਰ ਤੇ ਜਸਵਿੰਦਰ ਕੌਰ ਵੱਲੋਂ ਚਲਾਇਆ ਜਾ ਰਿਹਾ ਹੈ, ਨੂੰ ਆਪਣਾ ਨਿਸ਼ਾਨਾ ਮੁੜ ਬਣਾ ਲਿਆ ਗਿਆ। ਇਸ ਸੈਂਟਰ ਵਿੱਚੋਂ 3 ਗੈਸ ਸਿਲੰਡਰ, 60 ਕਿਲੋ ਸੁੱਕਾ ਦੁੱਧ ( 6 ਪੀਪੇ) ਤੇ ਇੱਕ ਕੁਇੰਟਲ ਪੰਜੀਰੀ ਚੋਰੀ ਕਰਨ ਤੋਂ ਇਲਾਵਾ ਅੰਦਰ ਪਏ ਸਾਰੇ ਬਰਤਨ ਵੀ ਚੋਰੀ ਕਰ ਲਏ ਹਨ। ਜਦੋਂ ਅੱਜ ਸਵੇਰੇ ਵਰਕਰਾਂ ਨੇ ਜਿੰਦਰਾ ਟੁੱਟਾ ਹੋਇਆ ਵੇਖਿਆ ਤਾਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਆਏ, ਪਰ ਉਨ੍ਹਾਂ ਦੀ ਮੌਜੂਦਗੀ ਵਿੱਚ ਵਰਕਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਥੇ ਧਰਨਾ ਲਗਾ ਦਿੱਤਾ। ਇਸ ਮੌਕੇ ਮਸਲਾ ਵੱਧਦਾ ਵੇਖ ਕੇ ਥਾਣਾ ਸਦਰ ਦੇ ਮੁੱਖੀ ਇੰਸਪੈਕਟਰ ਬਿਸ਼ਨ ਲਾਲ ਮੌਕੇ ’ਤੇ ਆਏ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਬਹੁਤ ਜਲਦ ਚੋਰਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਰੀ ਹੋਇਆ ਬਹੁਤਾ ਸਮਾਨ ਬਰਾਮਦ ਕਰ ਲਿਆ ਗਿਆ ਹੈ। ਬਾਅਦ ਵਿੱਚ ਆਂਗਣਵਾੜੀ ਵਰਕਰਾਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਅਗਵਾਈ ਹੇਠ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀਆਂ। ਮਾਮਲੇ ਦੀ ਤਫਤੀਸ਼ ਕਰ ਰਹੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ 457 ਤੇ 480 ਲਗਾ ਕੇ ਤਿੰਨ ਵਿਅਕਤੀਆਂ ’ਤੇ ਪਰਚਾ ਦਰਜ ਕਰ ਲਿਆ ਹੈ। ਇੰਨ੍ਹਾਂ ਵਿੱਚ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਕੁਲਦੀਪ ਸਿੰਘ, ਘੱਗਾ ਸਿੰਘ ਪੁੱਤਰ ਗੁਰਜੰਟ ਸਿੰਘ ਤੇ ਜੂੜੀ ਪੁੱਤਰ ਪਰਮਿੰਦਰ ਸਿੰਘ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਇੰਨਾਂ ਨੂੰ ਗਿ੍ਰਫ਼ਤਾਰ ਕਰਕੇ ਪੁਛਗਿੱਛ ਕੀਤੀ ਜਾਵੇਗੀ ਅਤੇ ਪਿੰਡ ਵਿੱਚ ਹੋਈਆਂ ਬਾਕੀ ਚੋਰੀਆਂ ਦਾ ਵੀ ਪਤਾ ਕੀਤਾ ਜਾਵੇਗਾ ।