ਅਸ਼ੋਕ ਵਰਮਾ
ਬਠਿੰਡਾ,26 ਫਰਵਰੀ2021: ਡੀਟੀਐਫ ਬਠਿੰਡਾ ਨੇ ਘੱਟ ਗਿਣਤੀ ਵਾਲੇ ਮਿਡਲ ਸਕੂਲਾਂ ਚੋਂ ਪੀ ਟੀ ਆਈ ਅਧਿਆਪਕਾਂ ਨੂੰ ਸਮੇਤ ਪੋਸਟਾਂ ਦਫਤਰ ਬੀ ਪੀ ਈ ਓ ’ਚ ਦੇਣ ਦੀ ਨੀਤੀ ਖਿਲਾਫ ਜਿਲ੍ਹਾ ਪ੍ਰਧਾਨ ਰੇਸ਼ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਸਕੱਤਰ ਨੂੰ ਮੰਗ ਪੱਤਰ ਭੇਜਿਆ।ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਨੇ ਸਿੱਖਿਆ ਸਕੱਤਰ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਪ੍ਰਾਇਮਰੀ ਪੱਧਰ ਤੇ ਹਰ ਇੱਕ ਸਕੂਲ ਵਿੱਚ ਪੀ ਟੀ ਆਈ ਅਧਿਆਪਕਾਂ ਦੀ ਪੱਕੀ ਪੋਸਟ ਦਿੱਤੀ ਜਾਵੇ ਅਤੇ ਮਿਡਲ ਸਕੂਲਾਂ ਵਿੱਚੋਂ ਪੋਸਟ ਚੱਕਣ ਦੀ ਨੀਤੀ ਵਾਪਸ ਲਈ ਜਾਵੇ। ਉਨ੍ਹਾਂ ਆਨਲਾਈਨ ਤਬਾਦਲਾ ਨੀਤੀ ਵਿੱਚ ਵਿਭਾਗ ਤੋਂ ਮੰਗ ਕੀਤੀ ਗਈ ਕਿ ਪਦ ਉੱਨਤੀਆਂ ਦਾ ਦੌਰ ਚੱਲਦਾ ਹੋਣ ਕਾਰਨ ਬਦਲੀਆਂ ਅਪਲਾਈ ਕਰਨ ਅਤੇ ਸਟੇਸ਼ਨ ਦੀ ਚੋਣ ਕਰਨ ਦੀ ਮਿਤੀ ਲੂਚ ਵਾਧਾ ਕੀਤਾ ਜਾਵੇ ।
ਉਨ੍ਹਾਂ ਆਖਿਆ ਕਿ ਈ- ਪੰਜਾਬ ਪੋਰਟਲ ਉਪਰ ਸਕੂਲਾਂ ਵਿੱਚ ਸਾਰੀਆਂ ਖਾਲੀ ਪਈਆਂ ਅਸਾਮੀਆਂ ਨੂੰ ਦਿਖਾਇਆ ਜਾਵੇ ਤਾਂ ਜੋ ਅਧਿਆਪਕਾਂ ਨੂੰ ਆਪਣੇ ਮਨਪਸੰਦ ਸਟੇਸ਼ਨ ਉੱਪਰ ਬਦਲੀਆਂ ਕਰਾਉਣ ਦੇ ਵੱਧ ਮੌਕੇ ਪ੍ਰਾਪਤ ਹੋ ਸਕਣ । ਸਾਲਾਨਾ ਪ੍ਰੀਖਿਆਵਾਂ ਸਬੰਧੀ ਜਥੇਬੰਦੀ ਨੇ ਸਕੱਤਰ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਨਿਗਰਾਨ ਅਮਲੇ ਨੂੰ ਕਲੱਸਟਰ ਪੱਧਰ ਉਪਰ ਹੀ ਨਿਯੁਕਤ ਕੀਤਾ ਜਾਵੇ ।ਮੁਲਾਂਕਣ ਦੀਆਂ ਡਿਊਟੀਆਂ ਵੀ ਕਲੱਸਟਰ ਪੱਧਰ ਤੇ ਲਾ ਕੇ ਮੁਲਾਂਕਣ ਕਰਨ ਦਾ ਮਿਹਨਤਾਨਾ ਵੀ ਤੁਰੰਤ ਜਾਰੀ ਕਰਨ ਦਾ ਪ੍ਰਬੰਧ ਕੀਤਾ ਜਾਵੇ। ਵਫਦ ਵਿੱਚ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਬਾਠ , ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ, ਜਸਵਿੰਦਰ ਸਿੰਘ ਗੋਨਿਆਣਾ, ਜ਼ਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਬੌਕਸਰ, ਬਲਾਕ ਬਠਿੰਡਾ ਦੇ ਪ੍ਰਧਾਨ ਭੁਪਿੰਦਰ ਮਾਇਸਰਖਾਨਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਸਨ ।