ਹਰੀਸ਼ ਕਾਲੜਾ
- ਐਤਵਾਰ ਨੂੰ ਵੀ ਖੁੱਲੇ ਰਹਿਣਗੇ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਸੇਵਾ ਕੇਂਦਰ
ਨੰਗਲ, 27 ਫਰਵਰੀ 2021 - ਪੰਜਾਬ ਸਰਕਾਰ ਵਲੋਂ ਸਮੂਹ ਲਾਭਪਾਤਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ (ਐਸ.ਐਸ.ਬੀ.ਵਾਈ.) ਤਹਿਤ ਈ-ਕਾਰਡ ਜਾਰੀ ਕਰਨ ਦੇ ਉਦੇਸ਼ ਨਾਲ 22 ਫਰਵਰੀ ਤੋਂ 28 ਫਰਵਰੀ ਤੱਕ ਹਫ਼ਤਾ ਭਰ ਚੱਲਣ ਵਾਲੀ ਮੁਹਿੰਮ ਜਾਰੀ ਹੈ।
ਪੰਜਾਬ ਸਰਕਾਰ ਵਲੋਂ ਈ-ਕਾਰਡ ਬਣਾਉਣ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਉਣ ਲਈ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਨਿਗਰਾਨੀ ਹੇਠ ਪਿੰਡ ਅਤੇ ਬਲਾਕ ਪੱਧਰ 'ਤੇ ਵਿਆਪਕ ਈ-ਕਾਰਡ ਜਨਰੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਇਸ ਸਕੀਮ ਅਧੀਨ ਸੂਚੀਬੱਧ ਹਸਪਤਾਲਾਂ ਵਿਚ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਏ ਡੀ ਐਮ ਰੂਪਨਗਰ ਕਮਲਜੀਤ ਸਿੰਘ ਨੇ ਦੱਸਿਆ ਕਿ ਈ-ਕਾਰਡ ਬਣਾਉਣ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋ ਇੱਕ ਅਭਿਆਨ ਚਲਾਇਆ ਜਾ ਰਿਹਾ ਹੈ।
ਜਿਲ੍ਹਾ ਪ੍ਰਸਾਸ਼ਨ ਵਲੋਂ ਯੋਗ ਲਾਭਪਾਤਰੀਆਂ ਨੂੰ ਆਪਣਾ ਈ-ਕਾਰਡ ਬਣਵਾਉਣ ਲਈ ਢੁੱਕਵੇਂ ਪਛਾਣ ਦਸਤਾਵੇਜ਼ਾਂ ਨਾਲ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਜਾਂ ਸੇਵਾ ਕੇਂਦਰਾਂ ਜਾਂ ਮਾਰਕੀਟ ਕਮੇਟੀਆਂ ਤੱਕ ਪਹੁੰਚ ਕਰਨ ਲਈ ਕਿਹਾ ਹੈ ਤਾਂ ਜੋ ਉਨ੍ਹਾਂ ਨੂੰ 5 ਲੱਖ ਰੁਪਏ ਤੱਕ ਦੀਆਂ ਨਕਦੀ ਰਹਿਤ ਇਲਾਜ ਸੇਵਾਵਾਂ ਦਾ ਲਾਭ ਮਿਲ ਸਕੇ।
ਲਾਭਪਾਤਰੀ ਪਰਿਵਾਰਾਂ ਵਿੱਚ ਸਮਾਰਟ ਰਾਸ਼ਨ ਕਾਰਡ ਧਾਰਕ, ਐਸ.ਈ.ਸੀ.ਸੀ. ਪਰਿਵਾਰ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਉਸਾਰੀ ਕਿਰਤੀ, ਛੋਟੇ ਵਪਾਰੀ ਅਤੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਅੱਜ ਨੰਗਲ ਦੇ ਤਹਿਸੀਲ ਕੰਪਲੈਕਸ ਵਿੱਚ ਬਣੇ ਸੇਵਾਂ ਕੇਂਦਰ ਦੇ ਹੈਲਪ ਡੈਸਕ ਤੇ ਜਾ ਕੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਚੈਕ ਕੀਤਾ ਗਿਆ। ਜਿਥੇ ਬਲਜਿੰਦਰ ਸਿੰਘ ਲੋਕਾਂ ਨਾਲ ਕੋਆਰਡੀਨੇਟ ਕਰ ਰਹੇ ਸਨ ਉਥੇ ਹਾਜ਼ਰ ਲੋਕਾਂ ਤੋਂ ਵੀ ਚੱਲ ਰਹੀ ਪ੍ਰਕਿਰਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।ਉਹਨਾਂ ਦੱਸਿਆ ਕਿ ਯੋਗ ਲਾਭਪਾਤਰੀ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਸਬੰਧੀ ਮੁਕੰਮਲ ਜਾਣਕਾਰੀ ਲੈਣ ਅਤੇ ਆਪਣਾ ਈ ਕਾਰਡ ਬਣਾਉਣ ਲਈ ਨੰਗਲ ਦੇ ਬਲਜਿੰਦਰ ਸਿੰਘ ਨਾਲ ਸੇਵਾ ਕੇਂਦਰ ਵਿੱਚ ਜਾ ਕੇ ਸੰਪਰਕ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਯੋਗ ਵਿਅਕਤੀ ਇਸ ਦਾ ਲਾਭ ਉਠਾਉਣ ਅਤੇ ਆਪਣੇ ਕਾਰਡ ਬਣਵਾਉਣ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੇੈ ਕਿ ਉਹ ਆਪਣੇ ਦਸਤਾਵੇਜ਼ ਲੈ ਕੇ ਇਹਨਾਂ ਸੇਵਾਂ ਕੇਂਦਰਾਂ ਵਿੱਚ ਆਉਣ ਤੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ।ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾ ਅਨੁਸਾਰ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੇ ਸਾਰੇ ਸੇਵਾ ਕੇਂਦਰ ਐਤਵਾਰ 28 ਫਰਵਰੀ ਨੂੰ ਵੀ ਖੁੱਲੇ ਰਹਿਣਗੇ। ਜਿੱਥੇ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।