ਅਸ਼ੋਕ ਵਰਮਾ
ਬਠਿੰਡਾ,27ਫਰਵਰੀ2021:ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ‘ਕਮਿਊਨਿਟੀ ਕੁਨੈਕਟ‘ ਪ੍ਰੋਗਰਾਮ ਦੀ ਲੜੀ ਤਹਿਤ ‘ਨਵੀਂ ਸਿੱਖਿਆ ਨੀਤੀ‘ ਬਾਰੇ ਵੈਬੀਨਾਰ ਕਰਵਾਇਆ ਗਿਆ। ਜਿਸ ਵਿੱਚ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਮਹਿਲ ਸਿੰਘ, ਪਿ੍ਰੰਸੀਪਲ ਖ਼ਾਲਸਾ ਕਾਲਜ, ਅੰਮਿ੍ਰਤਸਰ ਨੇ ਮਾਹਿਰ ਬੁਲਾਰੇ ਵਜੋਂ ਸ਼ਿਰਕਤ ਕੀਤੀ । ਇਸ ਵੈਬੀਨਾਰ ਵਿੱਚ ਪੰਜਾਬ ਸਮੇਤ ਭਾਰਤ ਦੇ ਕਈ ਹੋਰ ਰਾਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹਾਜ਼ਰੀਨ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ) ਬੀ.ਡੀ. ਸ਼ਰਮਾ ਨੇ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ ।ਮੁੱਖ ਬੁਲਾਰੇ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਹ ਸਿੱਖਿਆ ਨੀਤੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਅਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਸਿੱਖਿਆ ਦੇ ਯੋਗ ਦਾਨ ਦੇ ਮੱਦੇਨਜ਼ਰ ਰੱਖ ਕੇ ਬਣਾਈ ਗਈ ਹੈ ।
ਇਸ ਦੀ ਪਹਿਲੀ ਖ਼ਾਸੀਅਤ ਇਹ ਹੈ ਕਿ ਵਿਦਿਆਰਥੀ ਆਪਣੇ ਮੁੱਖ ਵਿਸ਼ਿਆਂ ਦੇ ਨਾਲ ਕਿਸੇ ਵੀ ਹੋਰ ਖੇਤਰ ਦੇ ਵਿਸ਼ੇ ਨੂੰ ਵਿਕਲਪ ਵਜੋਂ ਲੈ ਸਕਦਾ ਹੈ। ਦੂਸਰੀ ਵਿਸ਼ੇਸ਼ਤਾ ਇਹ ਹੈ ਕਿ ਅਗਰ ਵਿਦਿਆਰਥੀ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਦਿੰਦਾ ਹੈ ਤਾਂ ਉਸ ਦੀ ਕੀਤੀ ਹੋਈ ਪੜ੍ਹਾਈ ਅਤੇ ਸਮਾਂ ਵਿਅਰਥ ਨਹੀਂ ਜਾਵੇਗਾ ਸਗੋਂ ਇੱਕ ਸਾਲ ਲਗਾਉਣ ਵਾਲੇ ਨੂੰ ਡਿਪਲੋਮਾ, 2 ਸਾਲ ਲਗਾਉਣ ਵਾਲੇ ਨੂੰ ਐਡਵਾਂਸ ਡਿਪਲੋਮਾ, 3 ਸਾਲ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨੂੰ ਡਿਗਰੀ ਅਤੇ 4 ਸਾਲ ਦੀ ਪੜ੍ਹਾਈ ਕਰਨ ਵਾਲੇ ਨੂੰ ਆਨਰਜ਼ ਡਿਗਰੀ ਮਿਲੇਗੀ। ਇਸੇ ਤਰ੍ਹਾਂ ਇਸ ਸਿੱਖਿਆ ਨੀਤੀ ਤਹਿਤ ਰਿਸਰਚ ਸੈਂਟਰ, ਟੀਚਿੰਗ ਯੂਨੀਵਰਸਿਟੀ ਅਤੇ ਆਟੋਨਮਸ ਕਾਲਜ ਆਦਿਸੰਸਥਾਵਾਂ ਤਿੰਨ ਕਿਸਮ ਦੀਆਂ ਹੀ ਹੋਣਗੀਆਂ ।
ਉਨ੍ਹਾਂ ਦੱਸਿਆ ਕਿ ਸਿੰਗਲ ਫੈਕਲਟੀ ਕਾਲਜਾਂ ਦੀ ਥਾਂ ਮਲਟੀ ਫੈਕਲਟੀ ਕਾਲਜ ਹੋਣਗੇ ਅਤੇ ਹਰ ਇੱਕ ਯੂਨੀਵਰਸਿਟੀ ਅਧੀਨ ਸਾਰੀਆਂ ਸਟ੍ਰੀਮ ਹੋਣਗੀਆਂ । 3000 ਵਿਦਿਆਰਥੀਆਂ ਦੀ ਗਿਣਤੀ ਵਾਲੇ ਕਾਲਜਾਂ ਨੂੰ ਆਟੋਨਮਸ ਕਾਲਜ ਬਣਾਇਆ ਜਾਵੇਗਾ ਜਿਸ ਲਈ ਇਨ੍ਹਾਂ ਕਾਲਜਾਂ ਨੂੰ ਆਪਣੇ ਮਿਆਰ ਅਤੇ ਗੁਣਵੱਤਾ ਨੂੰ ਵਧਾਉਣ ‘ਤੇ ਜ਼ੋਰ ਦੇਣਾ ਪਵੇਗਾ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਵਿਸ਼ਵ ਪੱਧਰੀ ਬਾਹਰਲੀਆਂ ਯੂਨੀਵਰਸਿਟੀਆਂ ਦੇ 100 ਕੈਂਪਸ ਭਾਰਤ ਵਿੱਚ ਖੋਲ੍ਹੇ ਜਾਣਗੇ ਜਿਨ੍ਹਾਂ ਨਾਲ ਸਾਡੀਆਂ ਸੰਸਥਾਵਾਂ ਦੀ ਤੁਲਨਾ ਅਤੇ ਮੁਕਾਬਲਾ ਹੋਵੇਗਾ ਜਿਸ ਸਦਕਾ ਇੱਕ ਚੁਨੌਤੀ ਪੈਦਾ ਹੋਵੇਗੀ । ਇਸ ਨੀਤੀ ਤਹਿਤ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਨਿੱਜੀਕਰਨ ਵਧੇਗਾ।
ਉਨ੍ਹਾਂ ਕਿਹਾ ਕਿ ਇਸ ਸਿੱਖਿਆ ਨੀਤੀ ਵਿੱਚ ਸਾਰੀਆਂ ਮਾਤ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਤਾਂ ਕੀਤੀ ਗਈ ਹੈ ਪਰੰਤੂ ਰਾਜ ਅਤੇ ਕੇਂਦਰ ਸਰਕਾਰਾਂ ਦੇ ਆਰਥਿਕ ਸਹਿਯੋਗ (ਫ਼ੰਡਿੰਗ) ਬਾਰ ਕੁੱਝ ਵੀ ਸਪਸ਼ਟ ਨਹੀਂ ਕੀਤਾ ਗਿਆ।ਉਨ੍ਹਾਂ ਦੱਸਿਆ ਸਾਰੀਆਂ ਨੈਸ਼ਨਲ ਬਾਡੀਜ਼ ਜਿਵੇਂ ਏ.ਆਈ.ਸੀ.ਟੀ.ਈ, ਆਈ.ਸੀ.ਏ.ਆਰ. ਆਦਿ ਨੂੰ ਖ਼ਤਮ ਕਰ ਕੇ ਨੈਸ਼ਨਲ ਹਾਇਰ ਐਜੂਕੇਸ਼ਨ ਅਥਾਰਿਟੀ ਬਣਾਈ ਜਾਵੇਗੀ ਜੋ ਸਾਰੀਆਂ ਸੰਸਥਾਵਾਂ ਲਈ ਰੈਗੂਲੇਟਰੀ ਬਾਡੀ ਵਜੋਂ ਕਾਰਜ ਕਰੇਗੀ । ਉਨ੍ਹਾਂ ਨੈਸ਼ਨਲ ਹਾਇਰ ਐਜੂਕੇਸ਼ਨ ਅਥਾਰਿਟੀ ਵਿੱਚ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਗ਼ਲਬਾ ਵਧਣ ਤੇ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਦੀ ਗਿਣਤੀ ਘੱਟ ਹੋਣ ਦਾ ਖ਼ਦਸ਼ਾ ਵੀ ਜ਼ਾਹਿਰ ਕੀਤਾ । ਐਮ.ਫਿਲ ਨੂੰ ਖ਼ਤਮ ਕਰਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਸਾਲ 2022 ਤੋਂ ਬਾਅਦ ਲੈਕਚਰਾਰ ਬਣਨ ਲਈ ਘੱਟੋ-ਘੱਟ ਪੀ.ਐਚ.ਡੀ. ਦੀ ਡਿਗਰੀ ਲਾਜ਼ਮੀ ਹੋਵੇਗੀ।
ਉਨ੍ਹਾਂ ਕਿਹਾ ਕਿ ਵੋਕੇਸ਼ਨਲ ਸਿੱਖਿਆ ਛੇਵੀਂ ਕਲਾਸ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਜੋ ਪੜ੍ਹੇ ਉਹੀ ਸਿੱਖੇ ਜੋ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਲਈ ਇੱਕ ਤੋਂ ਵੱਧ ਮੌਕੇ ਪ੍ਰਦਾਨ ਕਰਨ ਬਾਰੇ ਇਸ ਨਵੀਂ ਸਿੱਖਿਆ ਨੀਤੀ ਵਿੱਚ ਸਹੂਲਤ ਦਿੱਤੀ ਗਈ ਹੈ। ਨਵੀਂ ਸਿੱਖਿਆ ਨੀਤੀ ਵਿੱਚ ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ‘ਤੇ ਜ਼ੋਰ ਦਿੱਤਾ ਗਿਆ ਹੈ। । ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਨੀਤੀ ਦੇ ਅਸਲ ਨਤੀਜੇ ਤਾਂ ਅਭਿਆਸ ਵਿਚੋਂ ਸਾਹਮਣੇ ਆਉਣਗੇ ਫਿਰ ਵੀ ਲੱਗਦਾ ਹੈ ਕਿ ਭਾਰਤੀ ਸਿੱਖਿਆ ਦੀ ਗੁਣਵੱਤਾ ਵਧੇਗੀ ਪਰੰਤੂ ਨਿੱਜੀਕਰਨ ਸਦਕਾ ਸਿੱਖਿਆ ਮਹਿੰਗੀ ਹੋ ਸਕਦੀ ਹੈ ਅਤੇ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਹੱਥ ਪਿਛਾਂਹ ਖਿੱਚ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਹ ਸਿੱਖਿਆ ਨੀਤੀ ਵਧੀਆ ਢੰਗ ਅਤੇ ਚੰਗੀ ਨੀਅਤ ਨਾਲ ਲਾਗੂ ਹੋ ਜਾਵੇ ਤਾਂ ਸਿੱਖਿਆ ਤੰਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸਿੱਧ ਹੋਵੇਗੀ । ਅੰਤ ਵਿੱਚ ਵੈਬੀਨਾਰ ਦੇ ਸੰਚਾਲਕ ਬੀ.ਡੀ. ਸ਼ਰਮਾ ਨੇ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੈਬੀਨਾਰ ਦੀ ਸ਼ਲਾਘਾ ਕੀਤੀ ।