ਪੰਜਾਬ ਦੇ ਕੈਬਨਿਟ ਮੰਤਰੀ ਦੁਬਿਧਾ ’ਚ ਫਸੇ, ਕਿਹੜੀ ਕੋਰੋਨਾ ਟੈਸਟ ਰਿਪੋਰਟ ਮੰਨਣ ਸੱਚ
ਚੰਡੀਗੜ੍ਹ, 28 ਫਰਵਰੀ, 2021 : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਦੁਬਿਧਾ ਵਿਚ ਫਸ ਗਏ ਹਨ। ਮਾਮਲਾ ਅਸਲ ਵਿਚ ਇਹ ਹੈ ਕਿ ਕੱਲ੍ਹ 1 ਮਾਰਚ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਵਾਸਤੇ ਸਪੀਕਰ ਨੇ ਕੋਰੋਨਾ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ।
ਸਰਕਾਰੀ ਤੌਰ ’ਤੇ ਇਹ ਟੈਸਟ ਐਮ ਐਲ ਏ ਹੋਸਟਲ ਵਿਚ ਕੀਤੇ ਜਾ ਰਹੇ ਹਨ। ਮੰਤਰੀ ਰੰਧਾਵਾ ਨੇ ਇਥੇ ਟੈਸਟ ਕਰਵਾਇਆ। ਇਸਦੀ ਹਾਲੇ ਰਿਪੋਰਟ ਨਹੀਂ ਆਈਸੀ ਕਿ ਮੰਤਰੀ ਨੇ ਸਬੱਬੀ ਚੰਡੀਗੜ੍ਹ ਦੀ ਅਤੁਲਯ ਲੈਬਾਰਟਰੀ ਵਿਚ ਆਪਣਾ ਟੈਸਟ ਦੁਬਾਰਾ ਕਰਵਾਇਆ।ਲੈਬਾਰਟਰੀਦੇ ਨਤੀਜੇ ਤੋਂ ਪਹਿਲਾਂ ਸਰਕਾਰੀ ਟੈਸਟ ਦੀ ਰਿਪੋਰਟ ਪਾਜ਼ੀਟਿਵ ਆ ਗਈ ਜਦਕਿ ਲੈਬਾਰਟਰੀ ਵੱਲੋਂ ਸ਼ਾਮ 5.35 ਵਜੇ ਉਹਨਾਂ ਦੀ ਰਿਪੋਰਟ ਨੈਗੇਟਿਵ ਕਰਾਰ ਦਿੱਤੀ ਗਈ। ਜਦੋਂ ਦੋਵਾਂ ਰਿਪੋਰਟਾਂ ਨੁੰ ਲੈ ਕੇ ਦੁਬਿਧਾ ਬਣ ਆਈ ਤਾਂ ਮੰਤਰੀ ਸਾਹਿਬ ਪੀ ਜੀ ਆਈ ਜਾ ਪਹੁੰਚੇ ਤੇ ਇਥੇ ਫਿਰ ਟੈਸਟ ਕਰਵਾਇਆ। ਪੀ ਜੀ ਆਈ ਵੱਲੋਂ ਰਾਤ 1.13 ਵਜੇ ਦਿੱਤੀ ਆਪਣੀ ਰਿਪੋਰਟ ਵਿਚ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੱਸੀ ਗਈ।
ਇਸ ਤਰੀਕੇ ਪ੍ਰਾਈਵੇਟ ਲੈਬਾਰਟਰੀ ਤੇ ਪੀ ਜੀ ਆਈ ਦੀ ਰਿਪੋਰਟ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਟੈਸਟਾਂ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨਾ ਲਗਾ ਦਿੱਤੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਮਸਲੇ ਦਾ ਨਿਪਟਾਰਾ ਕਿਵੇਂ ਹੋਵੇਗਾ ਤੇ ਕਿਹੜੀ ਰਿਪੋਰਟ ਨੂੰ ਸਹੀ ਮੰਨਿਆ ਜਾਵੇਗਾ।
ਮੰਤਰੀ ਰੰਧਾਵਾ ਨੇ ਖੁਦ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਇਹ ਹੁਣ ਸਪੀਕਰ ਸਾਹਿਬ ਨੇ ਵੇਖਣਾ ਹੈ ਕਿ ਕਿਹੜੀ ਰਿਪੋਰਟ ਮੰਨਣੀ ਹੈ। ਉਹਨਾਂ ਕਿਹਾ ਕਿ ਉਹ ਆਪ ਹਾਲੇ ਵੀ ਦੁਬਿਧਾ ਵਿਚ ਹਨ ਕਿ ਕਿਸ ਰਿਪੋਰਟ ਨੂੰ ਸਹੀ ਮੰਨਣ। ਉਹਨਾਂ ਦੱਸਿਆ ਕਿ ਪ੍ਰਾਈਵੇਟ ਲੈਬਾਰਟਰੀ ਤੇ ਪੀ ਜੀ ਆਈ ਦੋਵਾਂ ਨੇ ਨੱਕ ਤੇ ਗਲੇ ਦੋਵਾਂ ਤੋਂ ਸੈਂਪਲ ਲਏ ਸਨ। ਉਨ੍ਹਾਂ ਦੱਸੀ ਕੀ ਉਨ੍ਹਾਂ ਨੂੰ ਪਹਿਲਾਂ ਕਰੋਨਾ ਹੋ ਚੁੱਕਾ ਹੈ ਅਤੇ ਡਾਕਟਰਾਂ ਮੁਤਾਬਿਕ ਉਨ੍ਹਾਂ ਦੇ ਅੰਦਰ ਐਂਟੀ -ਬਾਡੀਜ਼ ਬਣੇ ਹੋਏ ਹਨ । ਰੰਧਾਵਾ ਦਾ ਕਹਣਾ ਸੀ ਕਿ ਐਮ ਐਲ ਏ ਹੋਸਟਲ ਦੀ ਸਰਕਾਰੀ ਰੀਪੋਰਟ ਤੋਂ ਬਾਅਦ ਓਹ ਫਿਕਰਮੰਦ ਹੋ ਗਏ ਸਨ ਕਿਓਂ ਕਿ ਦੁਬਾਰਾ ਕਰੋਨਾ ਹੋਣ ਖਤਰਨਾਕ ਹੋ ਸਕਦਾ ਹੈ .