ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 28 ਫ਼ਰਵਰੀ 2021-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਲੰਬੇ ਸਮੇਂ ਬਾਅਦ ਹੁਣ ਘਰੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਉਹ ਵਿਧਾਨ ਸਭਾ ਹਲਕਾ ਲੰਬੀ ਵਿੱਚ ਇੱਕ ਅਕਾਲੀ ਨੇਤਾ ਦੇ ਨੂੰਹ-ਪੁੱਤ ਨੂੰ ਵਿਆਹ ਦਾ ਸ਼ਗਨ ਦੇਣ ਲਈ ਆਪਣੀ ਕੋਠੀ ’ਚੋਂ ਬਾਹਰ ਨਿਕਲੇ ਸਨ। ਕੋਰੋਨਾ ਕਰਕੇ ਸਾਲ ਭਰ ਇਕਾਂਤਵਾਸ ਵਿੱਚ ਰਹਿਣ ਪਿੱਛੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਨਿੱਜੀ ਰਿਹਾਇਸ਼ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਚਾਰ ਦਿਨਾਂ ਵਿੱਚ ਸਾਬਕਾ ਮੁੱਖ ਮੰਤਰੀ ਦੇ ਦੋ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਨੂੰ ਨਿੱਜੀ ਫੇਰੀਆਂ ਸਮਝਿਆ ਜਾ ਰਿਹਾ ਹੈ, ਪਰ ਸਿਆਸੀ ਲੋਕ ਇੰਨ੍ਹਾਂ ਨੂੰ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਮੰਨਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਤਿੰਨ ਦਿਨ ਪਹਿਲਾਂ ਪਿੰਡ ਮਿੱਠੜੀ ਦੇ ਸਾਬਕਾ ਸਰਪੰਚ ਜਸਮੇਲ ਸਿੰਘ ਮਿੱਠੜੀ ਦੇ ਪੁੱਤਰ ਦੇ ਵਿਆਹ ਦੀ ਵਧਾਈ ਦੇਣ ਉਨ੍ਹਾਂ ਦੇ ਘਰ ਪੁੱਜੇ ।
ਇਸੇ ਤਰ੍ਹਾਂ ਹੀ ਸ਼ੁੱਕਰਵਾਰ ਸ਼ਾਮ ਨੂੰ ਪਿੰਡ ਮਹਿਣਾ ਵਿਖੇ ਅਕਾਲੀ ਆਗੂ ਤੇ ਸਾਬਕਾ ਸਰਪੰਚ ਬੂਟਾ ਸਿੰਘ ਦੇ ਬੇਟੀ ਦੇ ਵਿਆਹ ਸਬੰਧੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕੋਈ ਵੀ ਸਿਆਸੀ ਗੱਲ ਨਹੀਂ ਕੀਤੀ, ਪਰ ਵੱਡੇ ਬਾਦਲ ਦੀਆਂ ਇੰਨ੍ਹਾਂ ਫੇਰੀਆਂ ਨੂੰ ਚੋਣ ਤਿਆਰੀਆਂ ਦੀਆਂ ਸ਼ੁਰੂਆਤਾਂ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੱਡੇ ਬਾਦਲ ਨੇ ਸਿਹਤ ਦਾ ਹਵਾਲਾ ਦੇ ਕੇ ਆਪਣੀਆਂ ਸਰਗਰਮੀਆਂ ਸੀਮਤ ਕਰ ਲਈਆਂ ਸਨ, ਪਰ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ 7-8 ਮਹੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਨੇ ਲੰਬੀ ਹਲਕੇ ਦੇ ਪਿੰਡ-ਪਿੰਡ ਵਿੱਚ ਹੋਈਆਂ ਮੌਤਾਂ ਦੀਆਂ ਲਿਸਟਾਂ ਬਣਵਾ ਕਿ ਲੋਕਾਂ ਨਾਲ ਅਫ਼ਸੋਸ ਪ੍ਰਗਟ ਕਰਨ ਲਈ ਮੇਲ ਜੋਲ ਵਧਾ ਲਿਆ ਸੀ ।
ਇੰਨ੍ਹਾਂ ਨੂੰ ਸਮਾਜਕ ਪ੍ਰੋਗਰਾਮ ਦੱਸਦੇ ਅਕਾਲੀ ਸੁਪਰੀਮੋਂ ਕੋਈ ਜ਼ਿਆਦਾ ਸਿਆਸੀ ਗੱਲ ਨਹੀਂ ਕਰਦੇ ਹੁਣ 94 ਸਾਲਾਂ ਦੇ ਬਾਦਲ ਦੀ ਸਿਹਤ ਦਾ ਤਕਾਜ਼ਾ ਕਿਸੇ ਚੋਣ ਲੜਨ ਲਈ ਇੱਕ ਚੁਣੌਤੀ ਹੈ , ਪਰ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਸਮਾਜਿਕ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦੀ ਸ਼ੁਰੂਆਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹੇਗੀ। ਇਹ ਵੀ ਚਰਚਾ ਹੈ ਕੇ ਜੇਕਰ ਖੁਦ ਵੱਡੇ ਬਾਦਲ ਵਿਧਾਨ ਸਭਾ ਚੋਣ ਨਾ ਲੜੇ ਤਾਂ ਇਸ ਵਾਰ ਮੰਤਰੀ ਸੁਖਬੀਰ ਬਾਦਲ ਆਪਣਾ ਹਲਕਾ ਜਲਾਲਬਾਦ ਤੋਂ ਬਦਲ ਕੇ ਲੰਬੀ ਬਣਾ ਸਕਦੇ ਹਨ।