ਮਨਿੰਦਰਜੀਤ ਸਿੱਧੂ
- ਭਾਜਪਾ ਆਗੂ ਪ੍ਰਦੀਪ ਸਿੰਗਲਾ ਦੇ ਸਨਮਾਨ ਸਮਾਰੋਹ ਵਿੱਚ ਉਦਯੋਗਪਤੀ ਸ਼ਕਤੀ ਮਿੱਤਲ ਨੇ ਰਾਮ ਮੰਦਰ ਲਈ 51000 ਰੁਪਏ ਦਿੱਤੇ
ਜੈਤੋ, 28 ਫਰਵਰੀ, 2021 - ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਪੰਜਾਬ ਭਾਜਪਾ ਗਊ ਰੱਖਿਆ ਦਲ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਵੱਲੋਂ ਲਗਾਤਾਰ ਤੀਜੀ ਵਾਰ ਨਗਰ ਕੌਂਸਲ ਦੀਆ ਚੋਣਾਂ ਵਿੱਚ ਬਾਜੀ ਮਾਰਨ ਦੀ ਖੁਸ਼ੀ ਵਿੱਚ ਸ਼ਹਿਰਵਾਸੀਆਂ ਦਾ ਧੰਨਵਾਦ ਕਰਨ ਅਤੇ ਉਹਨਾਂ ਦੇ ਸਨਮਾਨ ਲਈ ਸ਼੍ਰੀ ਰਮਾਇਣ ਭਵਨ ਵਿਖੇ ਕੀਰਤਨ ਅਤੇ ਪ੍ਰੀਤੀ ਭੋਜ ਦਾ ਆਯੋਜਨ ਕੀਤਾ ਗਿਆ।
ਪ੍ਰਦੀਪ ਸਿੰਗਲਾ ਦੀ ਮੇਜ਼ਬਾਨੀ ਵਾਲੇ ਸੰਕੀਰਤਨ ਅਤੇ ਸਨਮਾਨ ਸਮਾਰੋਹ ਵਿੱਚ ਸ਼ਹਿਰ ਦੀਆਂ ਸਾਰੀਆਂ ਹੀ ਨਾਮੀ ਹਸਤੀਆਂ ਨੇ ਭਾਗ ਲਿਆ ਅਤੇ ਉਹਨਾਂ ਦੀ ਇਸ ਵੱਡੀ ਜਿੱਤ ਉੱਪਰ ਉਹਨਾਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਪ੍ਰਦੀਪ ਸਿੰਗਲਾ ਤੋਂ ਪ੍ਰੇਰਿਤ ਹੋ ਜਨਸੰਘ ਦੇ ਕਾਰਕੁੰਨ ਸਵਰਗੀ ਵਜ਼ੀਰ ਚੰਦ ਮਿੱਤਲ ਦੇ ਪੁੱਤਰ ਉੱਘੇ ਉਦਯੋਗਪਤੀ ਸ਼ਕਤੀ ਮਿੱਤਲ ਵੱਲੋਂ ਅਯੋਧਿਆ ਵਿਖੇ ਨਿਰਮਾਣ ਅਧੀਨ ਸ਼੍ਰੀ ਰਾਮ ਮੰਦਰ ਲਈ 51000 ਰੁਪਏ ਦਾ ਯੋਗਦਾਨ ਦਿੱਤਾ ਅਤੇ ਜਿਸਨੂੰ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਸੀਨੀਅਰ ਆਗੂ ਤੀਰਥ ਵਰਮਾ, ਅਰਜੁਨ ਅਤੇ ਸੁਨੀਲ ਸਿੰਗਲਾ ਨੇ ਪ੍ਰਾਪਤ ਕੀਤਾ।
ਇੱਥੇ ਇਹ ਜਿਕਰ ਕਰਨਾ ਬਣਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਚੱਲ ਰਹੀ ਹੈ ਭਾਜਪਾ ਵਿਰੋਧੀ ਹਨ੍ਹੇਰੀ ਦੇ ਬਾਵਜੂਦ ਪ੍ਰਦੀਪ ਸਿੰਗਲਾ ਵੱਲੋਂ ਭਾਰੀ ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ ਗਈ।ਹੋਰ ਵੀ ਹੈਰਾਨੀ ਵਾਲੀ ਗੱਲ ਇਹ ਕਿ ਫ਼ਰੀਦਕੋਟ ਜ਼ਿਲ੍ਹੇ ਅਧੀਨ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਵਿੱਚੋਂ ਭਾਜਪਾ ਦਾ ਕਮਲ ਸਿਰਫ ਜੈਤੋ ਵਿਖੇ ਪ੍ਰਦੀਪ ਸਿੰਗਲਾ ਨੇ ਹੀ ਖਿੜਾਇਆ ਹੈ।ਇਹ ਬਿਲਕੁਲ ਸਪਸ਼ਟ ਹੈ ਕਿ ਪ੍ਰਦੀਪ ਸਿੰਗਲਾ ਦਾ ਆਪਣੇ ਲੋਕਾਂ ਵਿੱਚ ਵਧੀਆ ਜਨਅਧਾਰ ਹੈ ਅਤੇ ਉਹ ਤੀਜੀ ਵਾਰ ਨਗਰ ਕੌਂਸਲਰ ਬਣੇ ਹਨ।ਬੀਤੇ ਦਿਨੀਂ ਪ੍ਰਦੀਪ ਸਿੰਗਲਾ ਵੱਲੋਂ ਵੀ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਲਈ ਆਰ.ਐੱਸ.ਐੱਸ ਦੇ ਪ੍ਰਚਾਰਕ ਨੂੰ 111000 ਰੁਪਏ ਭੇਂਟ ਕੀਤੇ ਗਏ ਸਨ।